ਚੰਡੀਗੜ੍ਹ, 17 ਨਵੰਬਰ:- ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸੈਕਟਰ-20, ਪੰਚਕੂਲਾ ਸਥਿਤ ਐਗਰੋਮਾਲ ਭਵਨ ਵਿੱਚ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੀ ਦਫ਼ਤਰੀ ਵਰਤੋਂ ਲਈ ਦੁਕਾਨਾਂ ਕਿਰਾਏ ’ਤੇ ਉਪਲਬਧ ਹਨ। ਚਾਹਵਾਨ ਵਿਭਾਗ, ਬੋਰਡ ਅਤੇ ਨਿਗਮ ਆਪਣੀ ਲੋੜ ਅਨੁਸਾਰ 40 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ ਇਹ ਦੁਕਾਨਾਂ ਕਿਰਾਏ ’ਤੇ ਲੈ ਸਕਦੇ ਹਨ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਐਗਰੋਮਾਲ ਭਵਨ ਦੀ ਗਰਾਊਂਡ ਫਲੋਰ (ਹੇਠਲੀ ਮੰਜ਼ਿਲ) ’ਤੇ ਛੋਟੀਆਂ ਅਤੇ ਵੱਡੀਆਂ ਕੁੱਲ 71 ਦੁਕਾਨਾਂ ਉਪਲਬਧ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲਗਭਗ 1,577.32 ਵਰਗ ਮੀਟਰ ਹੈ। ਇਸ ਤੋਂ ਇਲਾਵਾ, ਭਵਨ ਦੀ ਤੀਜੀ ਮੰਜ਼ਿਲ ’ਤੇ 20 ਦੁਕਾਨਾਂ ਉਪਲਬਧ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲਗਭਗ 1,206.67 ਵਰਗ ਮੀਟਰ ਹੈ।

ਚਾਹਵਾਨ ਵਿਭਾਗ, ਬੋਰਡ ਅਤੇ ਨਿਗਮ ਦਫ਼ਤਰੀ ਵਰਤੋਂ ਲਈ ਇਹ ਦੁਕਾਨਾਂ ਕਿਰਾਏ ’ਤੇ ਲੈਣ ਵਾਸਤੇ ਸਿੱਧਾ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ, ਪੰਚਕੂਲਾ ਨਾਲ ਸੰਪਰਕ ਕਰ ਸਕਦੇ ਹਨ।

ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਐਗਰੋਮਾਲ ਭਵਨ ਕਿਰਾਏ ’ਤੇ ਲੈਣ ਸਬੰਧੀ ਸਕੱਤਰੇਤ ਦੀ ਪ੍ਰਸ਼ਾਸਨਿਕ ਅਧਿਕਾਰੀ ਸ਼ਾਖਾ ਨਾਲ ਪੱਤਰ-ਵਿਹਾਰ ਕਰਨ ਦੀ ਲੋੜ ਨਹੀਂ ਹੈ, ਸਗੋਂ ਚਾਹਵਾਨ ਸਿੱਧਾ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨਾਲ ਸੰਪਰਕ ਕਰ ਸਕਦੇ ਹਨ।