ਪਟਿਆਲਾ (ਮਨਪ੍ਰੀਤ ਸਿੰਘ):- ਸ਼ਰਦ ਪੂਰਨਮਾਸ਼ੀ ਦਾ ਤਿਉਹਾਰ ਬੜੀ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸੁਧਾਰ ਸਭਾ ਵੱਲੋਂ ਐਤਵਾਰ, 25 ਅਕਤੂਬਰ 2026 ਨੂੰ ਦੁਪਹਿਰ 12 ਵਜੇ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਜੀ ਵਿਖੇ ਪੁਲਾਓ ਦਾ ਪ੍ਰਸ਼ਾਦ ਤਿਆਰ ਕਰਕੇ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਇਹ ਪ੍ਰਸ਼ਾਦ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਵੀ ਭੇਜਿਆ ਗਿਆ।

ਸ਼ਰਦ ਪੂਰਨਮਾਸ਼ੀ ਦੇ ਮੌਕੇ ਚੰਦਰਮਾ ਦੀ ਚਾਂਦਨੀ ਹੇਠ ਭੋਲੇ ਬਾਬਾ ਦੇ ਚਰਨਾਂ ਵਿੱਚ ਅਰਪਿਤ ਕਰਨ ਲਈ ਖੀਰ ਬਣਾਈ ਗਈ। ਖੀਰ ਬਣਾਉਣ ਦੀ ਸੇਵਾ ਰਾਜਾ ਰਾਜ ਕੁਮਾਰ ਅਨੇਜਾ ਨੇ ਨਿਭਾਈ।

ਸੋਮਵਾਰ, 26 ਅਕਤੂਬਰ 2026 ਨੂੰ ਸਵੇਰੇ 6 ਵਜੇ ਮੰਦਰ ਵਿੱਚ ਮਾਤਾ ਲਕਸ਼ਮੀ ਅਤੇ ਭੋਲੇ ਬਾਬਾ ਜੀ ਨੂੰ ਪ੍ਰਸ਼ਾਦ ਲਗਵਾਉਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਵਿਸ਼ਾਲ ਸ਼ਿਵ ਜੀ ਦੀ ਮੂਰਤੀ ਕੋਲ ਵੀ ਪ੍ਰਸ਼ਾਦ ਵੰਡਿਆ ਗਿਆ। ਖੀਰ ਦਾ ਪ੍ਰਸ਼ਾਦ ਦੁਪਹਿਰ 12 ਵਜੇ ਤੱਕ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਖੀਰ ਦੇ ਪ੍ਰਸ਼ਾਦ ਦੀ ਸੇਵਾ ਸਤਨਾਮ ਹਸੀਜਾ ਦੇ ਪਰਿਵਾਰ ਵੱਲੋਂ ਕੀਤੀ ਗਈ।

ਸੁਧਾਰ ਸਭਾ ਦੇ ਵਾਈਸ ਚੇਅਰਮੈਨ ਹਰੀ ਸਿੰਘ ਚੌਹਾਨ ਨੇ ਦੱਸਿਆ ਕਿ ਸਭਾ ਦੇ ਸਾਰੇ ਮੈਂਬਰ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਹਨ। ਉਂਝ ਤਾਂ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਪਰ ਹਰ ਮਹੀਨੇ ਮਾਸਿਕ ਤ੍ਰਿਯੋਦਸ਼ੀ ਅਤੇ ਪੂਰਨਮਾਸ਼ੀ ਦੇ ਮੌਕੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਤਨਾਮ ਹਸੀਜਾ ਦੇ ਪਰਿਵਾਰ ਵੱਲੋਂ ਹਰ ਮਹੀਨੇ ਆਉਣ ਵਾਲੀਆਂ ਦੋਵੇਂ ਇਕਾਦਸ਼ੀਆਂ ਮੌਕੇ ਵੀ ਸੇਵਾ ਕੀਤੀ ਜਾਂਦੀ ਹੈ। ਇਕਾਦਸ਼ੀ ਵਾਲੇ ਦਿਨ ਵਰਤ ਵਾਲੀ ਖੀਰ ਸ਼ਾਮ ਨੂੰ ਮੰਦਰ ਅਤੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਕੋਲ ਸ਼ਰਧਾਲੂਆਂ ਵਿੱਚ ਵੰਡੀ ਜਾਂਦੀ ਹੈ।