ਚੰਡੀਗੜ੍ਹ, 22 ਨਵੰਬਰ:- ਮੱਛੀ ਪਾਲਣ ਵਿਭਾਗ ਰਾਹੀਂ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਸਬਸਿਡੀਆਂ ਅਤੇ ਲਾਭ ਦਿੱਤੇ ਜਾ ਰਹੇ ਹਨ। ਸਾਰੇ ਯੋਗ ਵਿਅਕਤੀ ਸਰਕਾਰ ਦੀ ਇਸ ਯੋਜਨਾ ਦਾ ਪੂਰਾ ਲਾਭ ਉਠਾ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਮੱਛੀ ਪਾਲਣ ਲਈ ਪਹਿਲੇ ਸਾਲ ਦੀ ਪੱਟਾ ਰਾਸ਼ੀ ’ਤੇ ਵਿਭਾਗ ਵੱਲੋਂ ਹਰੇਕ ਲਾਭਪਾਤਰੀ ਨੂੰ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਜਾਂ ਪੱਟੇ ਦੀ ਅਸਲ ਰਾਸ਼ੀ ਦਾ 50 ਫੀਸਦੀ, ਜੋ ਵੀ ਘੱਟ ਹੋਵੇ, ਸਬਸਿਡੀ ਵਜੋਂ ਦਿੱਤਾ ਜਾਵੇਗਾ। ਇਹ ਸਬਸਿਡੀ ਸਿਰਫ਼ ਪੰਚਾਇਤੀ ਛੱਪੜਾਂ ਅਤੇ ਸਰਕਾਰੀ ਜਲ ਭੰਡਾਰਾਂ ’ਤੇ ਹੀ ਲਾਗੂ ਹੋਵੇਗੀ। ਇਹ ਰਾਸ਼ੀ ਸਿਰਫ਼ ਪਹਿਲੇ ਸਾਲ ਦੀ ਪੱਟਾ ਰਾਸ਼ੀ ’ਤੇ ਦਿੱਤੀ ਜਾਵੇਗੀ ਅਤੇ ਸਬਸਿਡੀ ਦੀ ਵੱਧ ਤੋਂ ਵੱਧ ਸੀਮਾ ਚਾਰ ਹੈਕਟੇਅਰ ਲਈ ਪ੍ਰਤੀ ਲਾਭਪਾਤਰੀ ਦੋ ਲੱਖ ਰੁਪਏ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਲਈ ਦੂਜੇ ਅਤੇ ਅਗਲੇ ਸਾਲਾਂ ਦੀ ਪੱਟਾ ਰਾਸ਼ੀ ’ਤੇ ਵਿਭਾਗ ਵੱਲੋਂ ਹਰੇਕ ਲਾਭਪਾਤਰੀ ਨੂੰ 40 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਜਾਂ ਪੱਟੇ ਦੀ ਅਸਲ ਰਾਸ਼ੀ ਦਾ 40 ਫੀਸਦੀ, ਜੋ ਵੀ ਘੱਟ ਹੋਵੇ, ਸਬਸਿਡੀ ਵਜੋਂ ਦਿੱਤਾ ਜਾਵੇਗਾ। ਇਹ ਸਬਸਿਡੀ ਵੀ ਸਿਰਫ਼ ਪੰਚਾਇਤੀ ਛੱਪੜਾਂ ਅਤੇ ਸਰਕਾਰੀ ਜਲ ਭੰਡਾਰਾਂ ’ਤੇ ਲਾਗੂ ਹੋਵੇਗੀ। ਇਸ ਮੱਦ ਤਹਿਤ ਦੂਜੇ ਸਾਲ ਤੋਂ ਪੰਜਵੇਂ ਸਾਲ ਤੱਕ ਪੱਟਾ ਰਾਸ਼ੀ ’ਤੇ ਸਬਸਿਡੀ ਦਿੱਤੀ ਜਾਵੇਗੀ ਅਤੇ ਇਸ ਦੀ ਵੱਧ ਤੋਂ ਵੱਧ ਸੀਮਾ ਚਾਰ ਹੈਕਟੇਅਰ ਲਈ ਪ੍ਰਤੀ ਲਾਭਪਾਤਰੀ ਇੱਕ ਲੱਖ 60 ਹਜ਼ਾਰ ਰੁਪਏ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੱਛੀ ਫੜਨ ਦੇ ਠੇਕੇ ’ਤੇ ਸਬਸਿਡੀ ਤਹਿਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਅਧਿਸੂਚਿਤ ਪਾਣੀਆਂ (ਨਦੀਆਂ, ਨਹਿਰਾਂ ਅਤੇ ਡਰੇਨਾਂ) ਵਿੱਚ ਮੱਛੀ ਫੜਨ ਦੇ ਅਧਿਕਾਰਾਂ ਦੀ ਹਰ ਸਾਲ ਨਿਲਾਮੀ ਕੀਤੀ ਜਾਂਦੀ ਹੈ। ਅਧਿਸੂਚਿਤ ਪਾਣੀਆਂ ਵਿੱਚ ਮੱਛੀ ਫੜਨ ਦੇ ਅਧਿਕਾਰ ਪ੍ਰਾਪਤ ਕਰਨ ’ਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਮਨਜ਼ੂਰਸ਼ੁਦਾ ਬੋਲੀ ਦੀ 50 ਫੀਸਦੀ ਦਰ ਨਾਲ ਵਿੱਤੀ ਸਹਾਇਤਾ ਮਿਲੇਗੀ, ਜਿਸ ਦੀ ਵੱਧ ਤੋਂ ਵੱਧ ਸੀਮਾ ਪੰਜ ਲੱਖ ਰੁਪਏ ਹੈ।

ਇਸ ਤੋਂ ਇਲਾਵਾ, ਖਾਦ-ਖੁਰਾਕ ’ਤੇ ਸਬਸਿਡੀ ਤਹਿਤ ਮੱਛੀ ਪਾਲਕ ਨੂੰ ਖਾਦ-ਖੁਰਾਕ ਦੀ ਕੁੱਲ ਲਾਗਤ ਇੱਕ ਲੱਖ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਾ 60 ਫੀਸਦੀ ਜਾਂ 90 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਰਾਸ਼ੀ, ਜੋ ਵੀ ਘੱਟ ਹੋਵੇ, ਸਬਸਿਡੀ ਵਜੋਂ ਦਿੱਤੀ ਜਾਵੇਗੀ। ਇਸ ਦੀ ਵੱਧ ਤੋਂ ਵੱਧ ਸੀਮਾ ਚਾਰ ਹੈਕਟੇਅਰ ਲਈ ਪ੍ਰਤੀ ਲਾਭਪਾਤਰੀ ਤਿੰਨ ਲੱਖ 60 ਹਜ਼ਾਰ ਰੁਪਏ ਹੋਵੇਗੀ। ਜਾਲ ਖਰੀਦਣ ’ਤੇ ਸਬਸਿਡੀ ਤਹਿਤ ਵਿਭਾਗ ਵੱਲੋਂ ਲਾਭਪਾਤਰੀ ਨੂੰ ਮੱਛੀ ਫੜਨ ਅਤੇ ਮੱਛੀ ਪਾਲਣ ਲਈ 40 ਹਜ਼ਾਰ ਰੁਪਏ ਦੇ ਜਾਲ ਦੀ ਖਰੀਦ ’ਤੇ 60 ਫੀਸਦੀ ਜਾਂ 24 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਦੀ ਰਾਸ਼ੀ, ਜੋ ਵੀ ਘੱਟ ਹੋਵੇ, ਸਬਸਿਡੀ ਵਜੋਂ ਦਿੱਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਰੇਹੜੀ, ਸਟੋਵ/ਗੈਸ ਚੁੱਲ੍ਹਾ, ਬਰਤਨ ਆਦਿ ਸਮੇਤ ਖਰੀਦਣ ’ਤੇ ਸਬਸਿਡੀ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਅਤੇ ਮੱਛੀ ਉਤਪਾਦਾਂ ਦੀ ਵਿਕਰੀ ਲਈ ਰੇਹੜੀ (ਸਟੋਵ/ਗੈਸ ਚੁੱਲ੍ਹਾ, ਬਰਤਨ ਆਦਿ ਸਮੇਤ) ਦੀ ਖਰੀਦ ’ਤੇ ਸਬਸਿਡੀ ਦੇਣ ਦੀ ਵਿਵਸਥਾ ਹੈ। ਇਸ ਮੱਦ ਵਿੱਚ 60 ਹਜ਼ਾਰ ਰੁਪਏ ਦੀ ਰੇਹੜੀ (ਸਟੋਵ/ਗੈਸ ਚੁੱਲ੍ਹਾ, ਬਰਤਨ ਆਦਿ ਸਮੇਤ) ਦੀ ਖਰੀਦ ’ਤੇ 60 ਫੀਸਦੀ ਜਾਂ ਵੱਧ ਤੋਂ ਵੱਧ 36 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਦੀ ਰਾਸ਼ੀ, ਜੋ ਵੀ ਘੱਟ ਹੋਵੇ, ਸਬਸਿਡੀ ਵਜੋਂ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਦੇ ਵਿਅਕਤੀ ਇਸ ਯੋਜਨਾ ਦਾ ਲਾਭ ਲੈਣ ਲਈ ਸਬੰਧਤ ਜ਼ਿਲ੍ਹਾ ਮੱਛੀ ਪਾਲਣ ਅਧਿਕਾਰੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।