ਪਟਿਆਲਾ, 14 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਤਰ ਦੇ ਦੋਹਾ ਵਿਖੇ ਹੋਈ ਸੀਨੀਅਰ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪਟਿਆਲਾ ਦੇ ਖਿਡਾਰੀ ਰਾਜਕੁਵਰ ਸਿੰਘ ਸੰਧੂ ਅਤੇ ਉਸ ਦੀ ਟੀਮ, ਜਿਸ ਵਿੱਚ ਅੰਕੁਰ ਗੋਇਲ ਅਤੇ ਅਮਨਪ੍ਰੀਤ ਸਿੰਘ ਵੀ ਸ਼ਾਮਲ ਸਨ, ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਦੇ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਇਸ ਕਾਮਯਾਬੀ ਨਾਲ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ, ਪੰਜਾਬ ਅਤੇ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਫਲਤਾ ਪਿੱਛੇ ਉਨ੍ਹਾਂ ਦੇ ਕੋਚ ਹਰਪ੍ਰੀਤ ਸਿੰਘ, ਡੀਐਸਪੀ ਅਤੇ ਰਾਜਕੁਵਰ ਦੇ ਪਿਤਾ ਐਡਵੋਕੇਟ ਭੁਪਿੰਦਰ ਸਿੰਘ ਸੰਧੂ ਦੀ ਮਿਹਨਤ ਅਤੇ ਲਗਨ ਦਾ ਅਹਿਮ ਯੋਗਦਾਨ ਹੈ।
