ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਬਾਲ ਵਿਗਿਆਨ ਸਾਇੰਸ ਡਰਾਮਾ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਮੁੱਖ ਵਿਸ਼ਾ “ਵਿਗਿਆਨ ਅਤੇ ਸਮਾਜ” ਸੀ। ਇਸ ਦੇ ਚਾਰ ਉਪ-ਵਿਸ਼ੇ ਸਨ: “ਕ੍ਰਿਤ੍ਰਿਮ ਬੁੱਧੀਮਤਾ: ਮਿੱਤਰ, ਸਾਧਨ ਜਾਂ ਚੁਣੌਤੀ?”, “ਇਲੈਕਟ੍ਰਿਕ ਵਾਹਨ: ਭਵਿੱਖ ਦੀ ਰਾਹ”, “ਅੰਤਰਤਾਰਕੀ ਆਵਾਸ: ਪੁਲਾੜ ਵਿੱਚ ਮਨੁੱਖੀ ਜੀਵਨ” ਅਤੇ “ਮਹਾਸਾਗਰਾਂ ਦਾ ਸੰਰੱਖਣ: ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ”।
ਇਹ ਮੁਕਾਬਲੇ ਬਲਾਕ ਨੋਡਲ ਅਫ਼ਸਰ ਗੜ੍ਹਸ਼ੰਕਰ-2 ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ ਸ੍ਰੀਮਤੀ ਅਰਵਿੰਦਰ ਕੌਰ ਦੀ ਹਾਜ਼ਰੀ ਵਿੱਚ ਕਰਵਾਏ ਗਏ। ਮੁਕਾਬਲੇ ਦਾ ਆਯੋਜਨ ਏਐਸਜੀ ਗਰੁੱਪ ਬੀਆਰਸੀ ਸ੍ਰੀ ਰਾਮ ਸਰੂਪ, ਬੀਆਰਸੀ ਸ੍ਰੀ ਰਾਮ ਕਿਸ਼ਨ ਅਤੇ ਸੇਵਾਮੁਕਤ ਸਾਇੰਸ ਅਧਿਆਪਕ ਸ੍ਰੀ ਅਨੁਪਮ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ।
ਇਸ ਮੁਕਾਬਲੇ ਵਿੱਚ ਗੜ੍ਹਸ਼ੰਕਰ-2 ਬਲਾਕ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਹਾਈ ਸਕੂਲ ਰਾਮਪੁਰ ਬਿਲਰੋਂ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਣੋਵਾਲ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਪੰਡੌਰੀ ਬੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮੁਕਾਬਲੇ ਦੀ ਜੱਜਮੈਂਟ ਮੁੱਖ ਅਧਿਆਪਕ ਸ੍ਰੀ ਦਿਲਦਾਰ ਸਿੰਘ, ਸਾਇੰਸ ਮਾਸਟਰ ਹਰਿੰਦਰ ਸਿੰਘ ਅਤੇ ਸ੍ਰੀਮਤੀ ਪੂਜਾ ਰਾਣੀ ਵੱਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਸ੍ਰੀਮਤੀ ਨਵਜੋਤ, ਸ੍ਰੀਮਤੀ ਪਿੰਕੀ, ਸ੍ਰੀਮਤੀ ਜੋਤੀ ਸ਼ਰਮਾ, ਸ੍ਰੀਮਤੀ ਸੀਮਾ ਰਾਣੀ, ਸ੍ਰੀਮਤੀ ਸੰਦੀਪਾ ਰਾਣੀ ਹਨੀ ਅਤੇ ਗੁਰਪ੍ਰੀਤ ਸਿੰਘ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਦਾ ਸਟਾਫ ਹਾਜ਼ਰ ਸੀ।
