ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ 21 ਨਵੰਬਰ ਦਿਨ ਸ਼ਨੀਵਾਰ ਨੂੰ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 27ਵੀਂ ਸਾਲਾਨਾ ਬਰਸੀ ਅਤੇ ਸੰਤ ਬਾਬਾ ਸਤਨਾਮ ਜੀ ਤੇ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 17ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੁਟੀਆ ਟੂਟੋਮਜ਼ਾਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਾਲਾਨਾ ਸਮਾਗਮ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜੋ 23 ਨਵੰਬਰ ਤੱਕ ਜਾਰੀ ਰਹੇਗੀ। ਇਨ੍ਹਾਂ ਸਮਾਗਮਾਂ ਨੂੰ ਸਮਰਪਿਤ ਰਾਤ ਦੇ ਦੀਵਾਨ ਵੀ ਨਿਰੰਤਰ ਜਾਰੀ ਹਨ।

15 ਨਵੰਬਰ ਨੂੰ ਰਾਤ ਦੇ ਦੀਵਾਨ ਵਿੱਚ ਬਾਬਾ ਹਰਵਿੰਦਰ ਦਾਸ ਖਾਨਪੁਰ ਊਨੇ ਵਾਲੇ ਅਤੇ 16 ਨਵੰਬਰ ਨੂੰ ਸੰਤ ਗੁਰਚਰਨ ਸਿੰਘ ਜੀ ਪੰਡਵੇ ਵਾਲੇ ਤੇ ਸੰਤ ਦਵਿੰਦਰ ਸਿੰਘ ਜੀ ਕੁਟੀਆ ਤਰਨ ਤਾਰਨ ਸਹਾਬਪੁਰ ਵਾਲਿਆਂ ਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਅੱਜ 17 ਨਵੰਬਰ ਦਿਨ ਮੰਗਲਵਾਰ ਨੂੰ ਸੰਤ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਅਤੇ 18 ਨਵੰਬਰ ਦਿਨ ਬੁੱਧਵਾਰ ਨੂੰ ਪੰਥ ਪ੍ਰਸਿੱਧ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਤੇ ਸੰਤ ਬਾਬਾ ਪ੍ਰਤਾਪ ਸਿੰਘ ਜੀ ਬਾਜਪੁਰ ਵਾਲੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਨਾਮ ਨਾਲ ਜੋੜਨਗੇ।

ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ।