ਘਨੌਰ, 4 ਮਈ - ਪੇਂਡੂ ਚੌਕੀਦਾਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਯੂਨੀਅਨ ਦੇ ਮੈਂਬਰ ਲੋਕ ਸਭਾ ਚੋਣਾਂ ਵਿਚ ਨੋਟਾ ਬਟਨ ਦਬਾ ਕੇ ਰੋਸ ਦਾ ਪ੍ਰਗਟਾਵਾ ਕਰਨਗੇ। ਘਨੌਰ ਵਿਖੇ ਯੂਨੀਅਨ ਦੇ ਸੂਬਾ ਸੀ.ਮੀਤ ਪ੍ਰਧਾਨ ਰਾਮ ਮੂਰਤੀ ਸੋਗਲਪੁਰ, ਸੂਬਾ ਖਜਾਨਚੀ ਕੇਸਰ ਸਿੰਘ ਚਪੜ ਦੀ ਸਾਂਝੀ ਅਗਵਾਈ ਵਿੱਚ ਸਬ ਤਹਿਸੀਲ ਘਨੌਰ ਕੰਪਲੈਕਸ ਵਿਚ ਕੀਤੀ ਗਈ ਮੀਟਿੰਗ ਉਪਰੰਤ ਰਾਮ ਮੂਰਤੀ ਸੋਗਲਪੁਰ ਨੇ ਦੱਸਿਆ ਕਿ ਪੰਜਾਬ ਭਰ ਵਿਚ 10500 ਚੌਕੀਦਾਰ ਹਨ ਜਿਨ੍ਹਾਂ ਨੂੰ 24 ਘੰਟੇ ਡਿਊਟੀ ਬਦਲੇ 1250 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ।
ਉਹਨਾਂ ਕਿਹਾ ਕਿ ਇਨ੍ਹਾਂ ਗਰੀਬ ਚੌਕੀਦਾਰਾਂ ਦੀ ਕਿਸੇ ਵੀ ਸਰਕਾਰ (ਅਕਾਲੀ-ਭਾਜਪਾ, ਕਾਂਗਰਸ ਤੇ ਆਪ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਸਮੇਂ ਸਮੇਂ ਸਿਰ ਮੰਗ ਪੱਤਰ ਤੇ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਚੌਕੀਦਾਰਾਂ ਦੀ ਤਨਖਾਹ ਵਿਚ ਵਾਧਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰਾਂ ਦੇ ਅੜੀਅਲ ਰਵੱਈਏ ਤੋਂ ਤੰਗ ਆ ਕੇ ਪੰਜਾਬ ਦੇ 10500 ਚੌਕੀਦਾਰ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਸਮੇਤ ਨੋਟਾ ਬਟਨ ਦਬਾ ਕੇ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਧੰਨਾ ਸਿੰਘ ਜੰਡ ਮੰਘੋਲੀ, ਹਰਬੰਸ ਸਿੰਘ ਮਾਹੜੀਆਂ, ਸੁਰਿੰਦਰ ਦੀਨ ਲੋਹਸਿੰਬਲੀ, ਸੋਮ ਨਾਥ ਕਾਮੀ ਕਲਾਂ, ਹਸਨ ਮੁਹੰਮਦ ਹਰੀਮਾਜਰਾ, ਮਲਕੀਤ ਸਿੰਘ ਸੰਧਾਰਸੀ ਆਦਿ ਹਾਜਰ ਸਨ।
ਪੇਂਡੂ ਚੌਕੀਦਾਰ ਲੋਕ ਸਭਾ ਚੋਣਾਂ ਵਿਚ ਨੋਟਾ ਬਟਨ ਦਬਾ ਕੇ ਕਰਨਗੇ ਰੋਸ ਦਾ ਪ੍ਰਗਟਾਵਾ
