ਹੁਸ਼ਿਆਰਪੁਰ, 29 ਜੁਲਾਈ:- ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸ਼ਹਿਰੀ ਖੇਤਰ ਦੇ ਮੈਡੀਕਲ ਅਫ਼ਸਰਾਂ, ਏ.ਐੱਨ.ਐੱਮ. ਅਤੇ ਆਸ਼ਾ ਵਰਕਰਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕੀਤੀ।
ਮੀਟਿੰਗ ਦੌਰਾਨ ਮਾਤਾ ਅਤੇ ਬਾਲ ਸਿਹਤ (ਐੱਮ.ਸੀ.ਐੱਚ.), ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ, ਪਰਿਵਾਰ ਭਲਾਈ ਸੇਵਾਵਾਂ ਅਤੇ ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਗਤੀਵਿਧੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਸੂਚਕਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸਿਹਤ ਕਰਮਚਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਹਰ ਗਰਭਵਤੀ ਮਹਿਲਾ ਦੀ ਸ਼ਤ-ਪ੍ਰਤੀਸ਼ਤ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਅਤੇ ਗਰਭ ਅਵਸਥਾ ਦੇ ਪਹਿਲੇ 12 ਹਫ਼ਤਿਆਂ ਦੇ ਅੰਦਰ ਐਂਟੀਨੈਟਲ ਰਜਿਸਟ੍ਰੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਗਰਭਵਤੀ ਮਹਿਲਾ ਦੀ ANC-1, ANC-2, ANC-3 ਅਤੇ ANC-4 ਜਾਂਚ ਸਮੇਂ ਸਿਰ ਮੁਕੰਮਲ ਕਰਵਾਈ ਜਾਵੇ।
ਉਨ੍ਹਾਂ ਨੇ ਉੱਚ ਜੋਖਮ (ਹਾਈ ਰਿਸਕ) ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦੀ ਨਿਯਮਿਤ ਨਿਗਰਾਨੀ ਅਤੇ ਫਾਲੋ-ਅਪ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ, ਤਾਂ ਜੋ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਹਰ ਗਰਭਵਤੀ ਮਹਿਲਾ ਦੀ ਹੈਪੇਟਾਈਟਸ-ਬੀ ਸਕ੍ਰੀਨਿੰਗ ਲਾਜ਼ਮੀ ਤੌਰ 'ਤੇ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਡਾ. ਰਣਜੀਤ ਸਿੰਘ ਨੇ ਵੱਧ ਤੋਂ ਵੱਧ ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਗਾਇਨੀਕੋਲੋਜਿਸਟ ਅਤੇ ਜਣੇਪੇ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਸਟਿਲ ਬਰਥ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਗਰਭਵਤੀ ਮਹਿਲਾਵਾਂ ਦੀ ਨਿਯਮਿਤ ਨਿਗਰਾਨੀ ਅਤੇ ਲੋੜ ਪੈਣ 'ਤੇ ਸਮੇਂ ਸਿਰ ਰੈਫਰ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਸਾਰੇ ਟੀਕਾਕਰਨ ਸੈਸ਼ਨ ਮਾਈਕ੍ਰੋਪਲਾਨ ਅਨੁਸਾਰ ਸਮੇਂ ਸਿਰ ਲਗਾਏ ਜਾਣ ਅਤੇ ਕੋਈ ਵੀ ਯੋਗ ਬੱਚਾ ਜਾਂ ਗਰਭਵਤੀ ਮਹਿਲਾ ਟੀਕਾਕਰਨ ਤੋਂ ਵਾਂਝੀ ਨਾ ਰਹੇ।
ਉਨ੍ਹਾਂ ਨੇ ਕਿਹਾ ਕਿ ਹਰ ਨਵਜੰਮੇ ਬੱਚੇ ਨੂੰ ਜਨਮ ਤੋਂ 24 ਘੰਟਿਆਂ ਦੇ ਅੰਦਰ ਹੈਪੇਟਾਈਟਸ-ਬੀ ਦਾ ਬਰਥ ਡੋਜ਼ ਲਾਜ਼ਮੀ ਤੌਰ 'ਤੇ ਲਗਾਇਆ ਜਾਵੇ। ਜੇਕਰ ਕੋਈ ਮਾਂ ਹੈਪੇਟਾਈਟਸ-ਬੀ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਉਸ ਦੇ ਨਵਜੰਮੇ ਬੱਚੇ ਨੂੰ ਨਿਰਧਾਰਤ ਪ੍ਰੋਟੋਕੋਲ ਅਨੁਸਾਰ HBIG ਵੀ ਸਮੇਂ ਸਿਰ ਦਿੱਤੀ ਜਾਵੇ, ਤਾਂ ਜੋ ਬੱਚੇ ਨੂੰ ਹੈਪੇਟਾਈਟਸ-ਬੀ ਦੇ ਸੰਕਰਮਣ ਤੋਂ ਸੁਰੱਖਿਅਤ ਰੱਖਿਆ ਜਾ ਸਕੇ।