ਨਵਾਂਸ਼ਹਿਰ, 17 ਨਵੰਬਰ:- ਜੇ ਐਮ 7 ਐਂਟਰਟੇਨਮੈਂਟ ਦੇ ਨਿਰਮਾਤਾ ਗੁਰਬਖਸ਼ ਸਿੰਘ ਵੱਲੋਂ ਸੰਗੀਤਕਾਰ ਦਵਿੰਦਰ ਬਿੰਦਾ ਮਾਹਿਲਪੁਰ ਦੇ ਸੰਗੀਤ ਵਿਚ ਵੱਖ-ਵੱਖ ਗਾਇਕਾਂ ਵੱਲੋਂ ਗਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 7 ਗੀਤਾਂ ਦਾ ਵੀਡੀਓ ਫਿਲਮਾਂਕਣ ਬੀਤੇ ਕੱਲ੍ਹ ਮੁਕੰਮਲ ਕਰ ਦਿੱਤਾ ਗਿਆ। ਇਹ ਫਿਲਮਾਂਕਣ ਹਿਮਾਚਲ ਪ੍ਰਦੇਸ਼ ਦੇ ਪਿੰਡ ਬੀੜੂ ਅਤੇ ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖਰਾਲਗੜ੍ਹ ਸਾਹਿਬ ਵਿਖੇ ਕੀਤਾ ਗਿਆ।
ਇਨ੍ਹਾਂ 7 ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਗਈਆਂ ਹਨ ਪ੍ਰਸਿੱਧ ਗਾਇਕ ਬੂਟਾ ਕਾਹਨੂਰ, ਰੇਖਾ ਚੌਹਾਨ, ਗਾਇਕ ਤੇ ਸੰਗੀਤਕਾਰ ਦਵਿੰਦਰ ਬਿੰਦਾ ਮਾਹਿਲਪੁਰੀਆ, ਦਿਸ਼ਾਂਤ ਧੀਰ ਅਤੇ ਦਵਿੰਦਰ ਡੁੱਗਲ ਨੇ। ਇਸ ਫਿਲਮਾਂਕਣ ਲਈ ਡਾਇਰੈਕਟਰ ਆਫ਼ ਫੋਟੋਗ੍ਰਾਫੀ ਦੀ ਅਹਿਮ ਭੂਮਿਕਾ ਨਿਭਾਈ ਪ੍ਰਸਿੱਧ ਤਜਰਬੇਕਾਰ ਮਨੀਸ਼ ਅੰਗੁਰਾਲ ਨੇ ਜਦਕਿ ਮੇਕਅੱਪ ਆਰਟਿਸਟ ਦੀ ਭੂਮਿਕਾ ਨੇਹਾ ਡੁੱਗਲ ਵੱਲੋਂ ਨਿਭਾਈ ਗਈ। ਇਨ੍ਹਾਂ ਸਾਰੇ ਗੀਤਾਂ ਦੀਆਂ ਵੀਡੀਓਜ਼ ਨੂੰ ਐਡਿਟ ਕੀਤਾ ਜਾ ਰਿਹਾ ਹੈ ਐਡੀਟਰ ਜਪਨੀਤ ਮਹੇ ਵੱਲੋਂ।
ਉਪਰੋਕਤ ਗਾਇਕਾਂ ਨੇ ਦੱਸਿਆ ਕਿ ਇਹ ਸਾਰੇ ਗੀਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਹੀ ਕਲਮਬੱਧ ਕੀਤੇ ਗਏ ਹਨ ਜਿਨ੍ਹਾਂ ਦੇ ਲੇਖਕ ਹਨ ਪ੍ਰਸਿੱਧ ਸ਼ਾਇਰ ਕੁਲਵਿੰਦਰ ਕੋਹਲਾ, ਰਾਮਜੀ ਧੀਰ ਗਰੀਸ (ਗਰਲੀਆਂ ਵਾਲਾ), ਕਾਲਾ ਚੱਕ ਫਿੱਲੂ, ਸਵਰਗੀ ਸੰਤ ਜਗਿੰਦਰ ਪਾਲ ਜ਼ਹਿਰੀ, ਮੀਕਾ ਮਾਹਿਲਪੁਰੀਆ ਇਟਲੀ ਵਾਲਿਆਂ ਵੱਲੋਂ।
ਉਨ੍ਹਾਂ ਕਿਹਾ ਕਿ ਜੇ ਐਮ 7 ਐਂਟਰਟੇਨਮੈਂਟ ਯੂ-ਟਿਊਬ ਚੈਨਲ, ਜੇ ਐਮ 7 ਨਿਊਜ਼ ਫੇਸਬੁੱਕ, ਜੇ ਐਮ 7 ਐਂਟਰਟੇਨਮੈਂਟ ਇੰਸਟਾਗ੍ਰਾਮ ਤੋਂ ਇਲਾਵਾ ਕਈ ਡਿਜੀਟਲ ਮੀਡੀਆ ਪਾਰਟਨਰ ਦੇ ਮਾਧਿਅਮ ਰਾਹੀਂ ਦੁਨੀਆਂ ਭਰ ਵਿਚ ਇਨ੍ਹਾਂ ਗੀਤਾਂ ਨੂੰ ਦਸੰਬਰ ਦੇ ਅਖੀਰ ਵਿਚ ਜਨਤਕ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖਰਾਲਗੜ੍ਹ ਸਾਹਿਬ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਰਿੰਦਰ ਦਾਸ ਨੇ ਆਖਿਆ ਕਿ ਜੇ ਐਮ 7 ਐਂਟਰਟੇਨਮੈਂਟ ਦੇ ਨਿਰਮਾਤਾ ਤੇ ਪੱਤਰਕਾਰ ਗੁਰਬਖਸ਼ ਸਿੰਘ ਮਹੇ ਵੱਲੋਂ ਇਨ੍ਹਾਂ ਧਾਰਮਿਕ ਗੀਤਾਂ ਦੀ ਮੁਕੰਮਲ ਕਾਰਗੁਜ਼ਾਰੀ ਮੌਕੇ ਨਿਭਾਈ ਭੂਮਿਕਾ ਕਾਬਿਲੇ ਤਾਰੀਫ਼ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਚਰਨ ਛੋਹ ਗੰਗਾ ਵਿਖੇ 31 ਦਸੰਬਰ 2025 ਨੂੰ ਰਾਤ ਸਮੇਂ ਸਾਲਾਨਾ ਇਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਉਪਰੋਕਤ ਸਾਰੇ ਗਾਇਕ ਹਾਜ਼ਰੀ ਵੀ ਭਰਨਗੇ। ਉਨ੍ਹਾਂ ਦੱਸਿਆ ਕਿ ਸ੍ਰੀ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਪਰ ਸਮੂਹ ਸੰਗਤਾਂ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ।
ਉਨ੍ਹਾਂ ਕਿਹਾ ਕਿ ਕੁਝ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਵੱਲੋਂ ਸੰਗਤਾਂ ਨੂੰ ਖੁਜਲ-ਖੁਆਰ ਕਰਨ ਵਾਸਤੇ ਅਤੇ ਭਰਮ ਫੈਲਾਉਣ ਵਾਸਤੇ ਆਏ ਦਿਨ ਨਵੇਂ-ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ ਪਰ ਸੂਝਵਾਨ ਸੰਗਤਾਂ ਗੁਰੂ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕਤਾ ਕਰਕੇ ਉਨ੍ਹਾਂ ਦੇ ਮਨਸੂਬਿਆਂ ਦਾ ਬਿਲਕੁਲ ਵੀ ਪ੍ਰਭਾਵ ਨਹੀਂ ਮੰਨਦੀਆਂ। ਇਸ ਮੌਕੇ ਤੇ ਉਪਰੋਕਤ ਟੀਮ ਤੋਂ ਇਲਾਵਾ ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ, ਸੁਖਚੈਨ ਸਿੰਘ ਕਾਲਾ, ਗੁਰੂ ਘਰ ਦੇ ਸੇਵਾਦਾਰ ਤੇ ਕਮੇਟੀ ਮੈਂਬਰ ਜਗਦੀਸ਼ ਦੀਸ਼ਾ ਸਮੇਤ ਕਈ ਹੋਰ ਆਗੂ ਤੇ ਮੈਂਬਰ ਵੀ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਗੀਤਾਂ ਦੀ ਹੋਈ ਸ਼ੁਰੂਆਤ
