ਧੂਰੀ (ਜਗਦੀਸ਼ ਰਾਣਾ):- ਜ਼ਿਲ੍ਹਾ ਭਾਸ਼ਾ ਅਫ਼ਸਰ, ਦਫ਼ਤਰ ਸੰਗਰੂਰ ਵੱਲੋਂ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਫਿਜ਼ੀਕਲ ਕਾਲਜ ਦੇ ਆਡੀਟੋਰੀਅਮ ਵਿੱਚ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਮਨਾਏ ਜਾ ਰਹੇ ਨਵੰਬਰ ਮਹੀਨਾ-2026 ਦੇ ਸਮਾਗਮਾਂ ਦੀ ਲੜੀ ਤਹਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਸ੍ਰੀ ਜਸਵੀਰ ਰਾਣਾ ਨਾਲ ਰੂਬਰੂ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੇ ਜਾਣੇ-ਪਛਾਣੇ ਸਰਬਾਂਗੀ ਲੇਖਕ ਅਤੇ ਸਾਹਿਤ ਸਭਾ (ਰਜਿ.) ਧੂਰੀ ਦੇ ਸਾਬਕਾ ਪ੍ਰਧਾਨ ਸ੍ਰੀ ਰਣਜੀਤ ਆਜ਼ਾਦ ਕਾਂਝਲਾ (ਸੇਵਾ ਮੁਕਤ ਲੈਕਚਰਾਰ) ਦੀ ਪੰਜਵੀਂ ਮੌਲਿਕ ਪੁਸਤਕ 'ਕਹਾਣੀਆਂ ਅਤੇ ਹੱਡ ਬੀਤੀਆਂ' ਦਾ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਤਾੜੀਆਂ ਦੀ ਗੂੰਜ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਪ੍ਰਧਾਨਗੀ ਮੰਡਲ ਵਿੱਚ ਐਸ.ਡੀ.ਐਮ. ਸੰਗਰੂਰ ਸ੍ਰੀ ਸਤੀਸ਼ ਕੁਮਾਰ, ਪਵਨ ਹਰਚੰਦਪੁਰੀ (ਪ੍ਰਧਾਨ, ਕੇ. ਪੰਜਾਬੀ ਲੇਖਕ ਸਭਾ, ਸੇਖੋਂ), ਡਾ. ਭਗਵੰਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਸਭਾ, ਸੰਗਰੂਰ), ਉੱਘੇ ਗਾਇਕ ਗੁਰਦਿਆਲ ਸਿੰਘ ਨਿਰਮਾਣ, ਸ੍ਰੀ ਜਸਵੀਰ ਸਿੰਘ ਰਾਣਾ (ਕਹਾਣੀਕਾਰ ਤੇ ਨਾਵਲਕਾਰ), ਅਕਸ਼ਦੀਪ ਸਿੰਘ, ਦਲਬਾਰ ਸਿੰਘ ਚੱਠੇ (ਪ੍ਰਧਾਨ, ਸਾਹਿਤ ਸਦਨ, ਸੰਗਰੂਰ), ਸ੍ਰੀਮਤੀ ਰਾਬੀਆ ਮੈਮ (ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਗਰੂਰ), ਮਹੰਤ ਪ੍ਰੀਤੀ ਜੀ ਅਤੇ ਸੰਤੋਖ ਸਿੰਘ ਸੁੱਖੀ (ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ) ਸ਼ਾਮਲ ਸਨ।
ਇਸ ਮੌਕੇ ਹਾਜ਼ਰ ਸਾਹਿਤਕਾਰਾਂ ਅਤੇ ਪਤਵੰਤਿਆਂ ਨੇ ਸ੍ਰੀ ਕਾਂਝਲਾ ਨੂੰ ਪੁਸਤਕ ਦੇ ਪ੍ਰਕਾਸ਼ਨ ਦੀ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਕਾਂਝਲਾ ਨੇ ਕਵੀ ਦਰਬਾਰ ਵਿੱਚ ਵੀ ਸ਼ਮੂਲੀਅਤ ਕਰਕੇ ਆਪਣੀ ਕਾਵਿਕ ਪੇਸ਼ਕਾਰੀ ਨਾਲ ਖੂਬ ਵਾਹ-ਵਾਹ ਖੱਟੀ।
