ਚੰਡੀਗੜ੍ਹ, 27 ਅਕਤੂਬਰ 2026:- ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਪਹਿਲਕਦਮੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ 26 ਅਕਤੂਬਰ ਤੋਂ 1 ਨਵੰਬਰ 2026 ਤੱਕ ‘ਪ੍ਰੋਬਿਟੀ ਫਾਰ ਪ੍ਰੌਸਪੈਰਿਟੀ’ ਥੀਮ ਅਧੀਨ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਜਾਗਰੂਕਤਾ ਹਫ਼ਤਾ ਹਰ ਸਾਲ ਉਸ ਹਫ਼ਤੇ ਦੌਰਾਨ ਮਨਾਇਆ ਜਾਂਦਾ ਹੈ, ਜਿਸ ਵਿੱਚ ਸਰਦਾਰ ਵੱਲਭਭਾਈ ਪਟੇਲ ਦਾ ਜਨਮ ਦਿਨ, 31 ਅਕਤੂਬਰ, ਆਉਂਦਾ ਹੈ। ਇਸ ਹਫ਼ਤੇ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਮਨਾਉਣ ਲਈ ਅੱਜ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਮੂਹ ਵਿਜੀਲੈਂਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੰਕਲਪ ਲਿਆ।

ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਜੇ.ਡੀ. ਆਈ.ਵੀ.ਸੀ. ਅਤੇ ਐੱਸ.ਯੂ. ਸਵਰਨਦੀਪ ਸਿੰਘ ਵੱਲੋਂ ਵਿਸ਼ੇਸ਼ ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਡਾ. ਸ਼ਰਦ ਸੱਤਿਆ ਚੌਹਾਨ, ਪ੍ਰਭਜੋਤ ਕੌਰ ਅਤੇ ਦਿਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ (ਦੋਵੇਂ ਸੰਯੁਕਤ ਡਾਇਰੈਕਟਰ) ਅਤੇ ਡੀ.ਆਈ.ਜੀ., ਆਰਥਿਕ ਅਪਰਾਧ ਸ਼ਾਖਾ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਚੁਕਾਈ ਗਈ।

ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਸ਼ੇਸ਼ ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ, ਡਾ. ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਇਸ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਦਾ ਮੁੱਖ ਉਦੇਸ਼ ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਬਿਊਰੋ ਵੱਲੋਂ ਕੀਤੇ ਜਾ ਰਹੇ ਬਹੁਪੱਖੀ ਯਤਨਾਂ ਵਿੱਚ ਸਹਿਯੋਗ ਦੇਣ ਸਬੰਧੀ ਨਾਗਰਿਕਾਂ ਨੂੰ ਉਨ੍ਹਾਂ ਦੀ ਅਹਿਮ ਭੂਮਿਕਾ ਬਾਰੇ ਜਾਗਰੂਕ ਕਰਨਾ ਅਤੇ ਸਮਰੱਥ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਹਫ਼ਤਾ ‘ਪ੍ਰੋਬਿਟੀ ਫਾਰ ਪ੍ਰੌਸਪੈਰਿਟੀ’ ਥੀਮ ਤਹਿਤ ਮਨਾਇਆ ਜਾਵੇਗਾ, ਜੋ ਦਰਸਾਉਂਦਾ ਹੈ ਕਿ ਪਾਰਦਰਸ਼ਤਾ, ਨੈਤਿਕ ਵਿਹਾਰ ਅਤੇ ਸੰਸਥਾਗਤ ਇਮਾਨਦਾਰੀ ਹੀ ਸਥਿਰ ਆਰਥਿਕ ਵਿਕਾਸ ਅਤੇ ਸੂਬੇ ਦੀ ਖ਼ੁਸ਼ਹਾਲੀ ਦੀ ਬੁਨਿਆਦ ਹਨ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਜੀਲੈਂਸ ਰੇਂਜਾਂ ਦੇ ਸਮੂਹ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸ.ਐੱਸ.ਪੀਜ਼) ਨੂੰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਾਲੇ ਹਰੇਕ ਜ਼ਿਲ੍ਹੇ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਲੋਕਾਂ ਲਈ ਦਫ਼ਤਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਅਤੇ ਨਾਗਰਿਕਾਂ ਨਾਲ ਸਰਗਰਮੀ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਗੜਬੜੀਆਂ ਜਾਂ ਭ੍ਰਿਸ਼ਟ ਗਤੀਵਿਧੀਆਂ ਬਾਰੇ ਜ਼ਮੀਨੀ ਪੱਧਰ ’ਤੇ ਜਾਣਕਾਰੀ ਇਕੱਠੀ ਕਰਨ ਲਈ ਜਨਤਾ ਨਾਲ ਖੁੱਲ੍ਹ ਕੇ ਗੱਲਬਾਤ ਕਰਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਦੋਸ਼ੀਆਂ ਵਿਰੁੱਧ ਤੁਰੰਤ ਸਜ਼ਾਯੋਗ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ, “ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ (ਏ.ਸੀ.ਏ.ਐਲ.) ਦੀ ਪਹੁੰਚ ਨੂੰ ਵਟਸਐਪ ਨੰਬਰ 9501200200 ਰਾਹੀਂ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।” ਮਾਰਚ 2022 ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਵਿਸ਼ੇਸ਼ ਪਲੇਟਫਾਰਮ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਆਡੀਓ-ਵੀਡੀਓ ਸੁਨੇਹਿਆਂ ਰਾਹੀਂ ਗੁਪਤ ਰੂਪ ਵਿੱਚ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਦਿੰਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਆਪਣੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਸਮੂਹਿਕ ਤੌਰ ’ਤੇ ਇਮਾਨਦਾਰੀ ਦਾ ਸੰਕਲਪ ਵੀ ਲਿਆ। ਉਨ੍ਹਾਂ ਨੂੰ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਇਮਾਨਦਾਰੀ ਅਤੇ ਗੁਪਤਤਾ ਦੇ ਇਸ ਸੰਕਲਪ ਦੀ ਪੂਰੀ ਨਿਸ਼ਠਾ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੂੰ ਸਰਕਾਰੀ ਰਿਕਾਰਡ ਸਬੰਧੀ ਸਖ਼ਤ ਗੁਪਤਤਾ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ।

ਉਨ੍ਹਾਂ ਦੱਸਿਆ ਕਿ ਜਨਤਕ ਜਾਗਰੂਕਤਾ ਦੀ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਬਾਰੇ ਜਾਗਰੂਕ ਕਰਨ ਲਈ ਪ੍ਰਮੁੱਖ ਜਨਤਕ ਥਾਵਾਂ ’ਤੇ ਬੈਨਰ ਲਗਾਏ ਜਾਣਗੇ। ਇਨ੍ਹਾਂ ਬੈਨਰਾਂ ’ਤੇ ਨਾਮਜ਼ਦ ਵਿਜੀਲੈਂਸ ਅਧਿਕਾਰੀਆਂ ਦੇ ਸੰਪਰਕ ਵੇਰਵੇ ਦਰਜ ਹੋਣਗੇ, ਜੋ ਨਾਗਰਿਕਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਸਿੱਧੇ ਮਾਧਿਅਮ ਮੁਹੱਈਆ ਕਰਵਾਉਣਗੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਪਾਰਦਰਸ਼ਤਾ ਨੂੰ ਹੋਰ ਵਧਾਉਣਗੇ।

ਇਨ੍ਹਾਂ ਯਤਨਾਂ ਦੇ ਨਾਲ-ਨਾਲ ਵਿਜੀਲੈਂਸ ਬਿਊਰੋ ਦੇ ਰੇਂਜ ਅਧਿਕਾਰੀ ਇਮਾਨਦਾਰੀ ਅਤੇ ਨੈਤਿਕਤਾ ਬਾਰੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਦੇ ਕੇ ਵਿਦਿਅਕ ਅਦਾਰਿਆਂ ਅਤੇ ਹੋਰ ਪ੍ਰਮੁੱਖ ਜਨਤਕ ਥਾਵਾਂ ’ਤੇ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਉਣਗੇ। ਉਨ੍ਹਾਂ ਨੂੰ ਆਪਣੇ ਸਬੰਧਤ ਜ਼ਿਲ੍ਹਿਆਂ ਦੇ ਵੱਖ-ਵੱਖ ਵਿਭਾਗੀ ਦਫ਼ਤਰਾਂ ਨਾਲ ਤਾਲਮੇਲ ਬਣਾ ਕੇ ਵਿਜੀਲੈਂਸ ਅਤੇ ਇਮਾਨਦਾਰੀ ਦਾ ਸੁਨੇਹਾ ਫੈਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਉਨ੍ਹਾਂ ਨੇ ਲੋਕਾਂ ਨੂੰ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਯਕੀਨੀ ਬਣਾਉਣ ਲਈ ਸਰਕਾਰ ਅਤੇ ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਖ਼ਾਤਮਾ ਲੋਕਾਂ ਦੀ ਸਾਂਝੀ ਇੱਛਾ-ਸ਼ਕਤੀ ’ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰਿਸ਼ਵਤ ਜਾਂ ਨਿੱਜੀ ਫ਼ਾਇਦਿਆਂ ਦੀ ਕਿਸੇ ਵੀ ਮੰਗ ਦੀ ਤੁਰੰਤ ‘ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ’ ਪੋਰਟਲ ਰਾਹੀਂ ਰਿਪੋਰਟ ਕਰਨ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਜ਼ੀਰੋ-ਟੋਲਰੈਂਸ ਦੀ ਨੀਤੀ ਜਾਰੀ ਰਹੇਗੀ ਅਤੇ ਭ੍ਰਿਸ਼ਟਾਚਾਰ ਜਾਂ ਗੜਬੜੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ੀਰੋ-ਟੋਲਰੈਂਸ ਨੀਤੀ ਜਾਰੀ ਰੱਖਦਿਆਂ ਵਿਜੀਲੈਂਸ ਬਿਊਰੋ ਨੇ ਮਾਰਚ 2022 ਤੋਂ 30 ਸਤੰਬਰ 2026 ਤੱਕ ਭ੍ਰਿਸ਼ਟਾਚਾਰ ਦੇ 1,118 ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ ਕੁੱਲ 1,156 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।