ਹੁਸ਼ਿਆਰਪੁਰ / ਦਲਜੀਤ ਅਜਨੋਹਾ:- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ ਹੁਸ਼ਿਆਰਪੁਰ ਵਿੱਚ ਕਮਿਸ਼ਨਰ ਕੋਰਟ ਲਿਆਉਣ ਅਤੇ ਏ.ਡੀ.ਸੀ. ਦਾ ਕਾਰਜਭਾਰ ਹੁਸ਼ਿਆਰਪੁਰ ਵਿੱਚ ਹੀ ਨਿਭਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ, ਜੋ ਖ਼ੁਦ ਹੁਸ਼ਿਆਰਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਹਨ, ਨੇ ਹੜਤਾਲੀ ਵਕੀਲਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਮੌਜੂਦਾ ਸਰਕਾਰ ਹੁਸ਼ਿਆਰਪੁਰ ਦੇ ਵਕੀਲਾਂ ਦੇ ਹੱਕਾਂ ’ਤੇ ਡਾਕਾ ਮਾਰਦੀ ਨਜ਼ਰ ਆ ਰਹੀ ਹੈ। ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਵੱਡਾ ਖੇਤਰ ਉਸ ਵਿੱਚ ਮਿਲਾਉਣ ਦੀ ਯੋਜਨਾ ਬਣਾਈ ਗਈ ਸੀ। ਜਿਸ ਦਾ ਵਕੀਲਾਂ ਸਮੇਤ ਸਾਰੇ ਵਰਗਾਂ ਨੇ ਵਿਰੋਧ ਕੀਤਾ ਸੀ। ਅੰਤ ਵਿੱਚ ਸਰਕਾਰ ਨੂੰ ਗੋਡੇ ਟੇਕਣੇ ਪਏ ਸਨ ਅਤੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਪ੍ਰਸਤਾਵ ਤਿਆਗਣਾ ਪਿਆ। ਹੁਣ ਸਰਕਾਰ ਵੱਲੋਂ ਏ.ਡੀ.ਸੀ. ਦੀ ਕੋਰਟ ਦਸੂਹਾ ਵਿੱਚ ਲਗਾਉਣ ਦਾ ਪ੍ਰਸਤਾਵ ਆਇਆ ਹੈ, ਜਿਸ ਨਾਲ ਸਿਸਟਮ ਵਿੱਚ ਭਾਰੀ ਉਥਲ-ਪੁਥਲ ਮਚੇਗੀ ਅਤੇ ਹੁਸ਼ਿਆਰਪੁਰ ਦੇ ਵਕੀਲਾਂ ਨੂੰ ਦਸੂਹਾ ਜਾ ਕੇ ਕੇਸ ਲੜਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਵਕੀਲਾਂ ਅਨੁਸਾਰ ਸਥਾਨਕ ਵਿਧਾਇਕ ਨੇ ਡਿਵੀਜ਼ਨਲ ਕਮਿਸ਼ਨਰ ਕੋਰਟ ਹਫ਼ਤੇ ਵਿੱਚ 2 ਦਿਨ ਹੁਸ਼ਿਆਰਪੁਰ ਵਿੱਚ ਲਗਵਾਉਣ ਦਾ ਵਾਅਦਾ ਕੀਤਾ ਸੀ। ਕਮਿਸ਼ਨਰ ਦੀ ਕੋਰਟ ਤਾਂ ਹੁਸ਼ਿਆਰਪੁਰ ਵਿੱਚ ਲੱਗੀ ਨਹੀਂ, ਪਰ ਏ.ਡੀ.ਸੀ. ਦੀ ਕੋਰਟ ਹੁਸ਼ਿਆਰਪੁਰ ਤੋਂ ਬਦਲ ਕੇ ਦਸੂਹਾ ਵਿੱਚ ਲੱਗਣ ਜਾ ਰਹੀ ਹੈ। ਜਿਸ ਨਾਲ ਵਕੀਲਾਂ ਅਤੇ ਮੁਵੱਕਿਲਾਂ ’ਤੇ ਦੋਹਰੀ ਮਾਰ ਪਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਸ਼ਿਆਰਪੁਰ ਬਾਰ ਦੇ ਹੜਤਾਲੀ ਵਕੀਲਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਤਾਂ ਜੋ ਅਦਾਲਤਾਂ ਦਾ ਕੰਮ ਸੁਗਮਤਾ ਨਾਲ ਚਲਦਾ ਰਹੇ ਅਤੇ ਵਕੀਲਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ।
ਏ.ਡੀ.ਸੀ. ਦੀ ਅਦਾਲਤ ਦਸੂਹਾ ਜਾਣ ਤੋਂ ਰੋਕ ਕੇ ਕਮਿਸ਼ਨਰ ਕੋਰਟ ਹੁਸ਼ਿਆਰਪੁਰ ਲਿਆਉਣ ਦੀ ਹੜਤਾਲੀ ਵਕੀਲਾਂ ਦੀ ਮੰਗ ਤੁਰੰਤ ਮੰਨੇ ਪੰਜਾਬ ਸਰਕਾਰ — ਤੀਕਸ਼ਣ ਸੂਦ
