ਚੰਡੀਗੜ੍ਹ, 22 ਨਵੰਬਰ:- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਡਿਪਟੀ ਰੇਂਜਰ, ਫੋਰੈਸਟਰ ਅਤੇ ਫੋਰੈਸਟ ਗਾਰਡ ਦੀਆਂ ਅਸਾਮੀਆਂ ਲਈ ਸਰੀਰਕ ਜਾਂਚ ਪ੍ਰੀਖਿਆ (ਪੀਐਸਟੀ) ਦਾ ਆਯੋਜਨ 23 ਤੋਂ 30 ਨਵੰਬਰ 2026 ਤੱਕ ਕਰਨਾਲ ਵਿੱਚ ਕੀਤਾ ਜਾਵੇਗਾ। ਇਨ੍ਹਾਂ ਅਸਾਮੀਆਂ ਲਈ ਸਰੀਰਕ ਮਾਪ ਪ੍ਰੀਖਿਆ (ਪੀਐਮਟੀ) ਵਿੱਚ ਸਫਲ ਕੁੱਲ 16,424 ਉਮੀਦਵਾਰ ਪੀਐਸਟੀ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ 12,404 ਪੁਰਸ਼ ਅਤੇ 4,020 ਮਹਿਲਾ ਉਮੀਦਵਾਰ ਹਨ।
ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਅੱਜ ਪੀਐਸਟੀ ਸਥਾਨ ਦਾ ਨਿਰੀਖਣ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ।
ਕਮਿਸ਼ਨ ਦੇ ਚੇਅਰਮੈਨ ਨੇ ਸਬੰਧਤ ਅਧਿਕਾਰੀਆਂ ਨੂੰ ਉਮੀਦਵਾਰਾਂ ਦੀ ਸਹੂਲਤ, ਸੁਰੱਖਿਆ ਅਤੇ ਪ੍ਰਬੰਧਾਂ ਨੂੰ ਸੁਚਾਰੂ ਬਣਾਈ ਰੱਖਣ ਲਈ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੀਐਸਟੀ ਦੇ ਆਯੋਜਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕਰਨਾਲ ਦੇ ਡਿਪਟੀ ਕਮਿਸ਼ਨਰ ਆਨੰਦ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਐਸਟੀ ਦੇ ਸਫਲ ਆਯੋਜਨ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਮੀਦਵਾਰਾਂ ਦੀ ਸਹੂਲਤ ਲਈ ਆਵਾਜਾਈ ਪ੍ਰਬੰਧਨ ਅਤੇ ਸੁਰੱਖਿਆ ਸਬੰਧੀ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਕਮਿਸ਼ਨ ਨਾਲ ਤਾਲਮੇਲ ਸਥਾਪਤ ਕਰਕੇ ਇਸ ਆਯੋਜਨ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਵਚਨਬੱਧ ਹੈ। ਪੀਐਸਟੀ ਦਾ ਆਯੋਜਨ 23 ਤੋਂ 30 ਨਵੰਬਰ ਤੱਕ ਆਊਟਰ ਰਿੰਗ ਰੋਡ, ਪਿੰਡ ਦਾਦੂਪੁਰ ਖੁਰਦ, ਵਿਵਾਨ ਹੋਟਲ ਦੇ ਨੇੜੇ, ਐਨਐਚ-44, ਕਰਨਾਲ ਵਿਖੇ ਹੋਵੇਗਾ। ਪੁਰਸ਼ ਉਮੀਦਵਾਰਾਂ ਨੂੰ 25 ਕਿਲੋਮੀਟਰ ਦੀ ਦੌੜ ਚਾਰ ਘੰਟਿਆਂ ਵਿੱਚ ਅਤੇ ਮਹਿਲਾ ਉਮੀਦਵਾਰਾਂ ਨੂੰ 14 ਕਿਲੋਮੀਟਰ ਦੀ ਦੌੜ ਚਾਰ ਘੰਟਿਆਂ ਵਿੱਚ ਪੂਰੀ ਕਰਨੀ ਹੋਵੇਗੀ।
ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਦੱਸਿਆ ਕਿ ਪੀਐਸਟੀ ਸਥਾਨ ’ਤੇ ਉਮੀਦਵਾਰਾਂ ਦੀ ਸਹੂਲਤ ਲਈ ਸਭ ਤੋਂ ਪਹਿਲਾਂ ਵੇਟਿੰਗ ਏਰੀਆ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬੈਗ ਰੱਖਣ ਲਈ ਮੁਫ਼ਤ ਬੈਗੇਜ ਕਾਊਂਟਰ, ਬਾਇਓਮੈਟ੍ਰਿਕ ਤਸਦੀਕ ਤੋਂ ਬਾਅਦ ਬਿਬ ਨੰਬਰ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਟ੍ਰੈਕਿੰਗ ਚਿੱਪ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਮੀਦਵਾਰਾਂ ਨੂੰ ਸਟਾਰਟਿੰਗ ਪੁਆਇੰਟ ਤੋਂ ਦੌੜ ਸ਼ੁਰੂ ਕਰਨੀ ਹੋਵੇਗੀ ਅਤੇ 12.5 ਕਿਲੋਮੀਟਰ ਦੇ ਪੀਐਸਟੀ ਟਰੈਕ ’ਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਯੂ-ਟਰਨ ਲੈ ਕੇ ਦੌੜ ਪੂਰੀ ਕਰਨੀ ਹੋਵੇਗੀ। ਆਖਰੀ ਸਿਰੇ ’ਤੇ ਐਲਈਡੀ ਸਕ੍ਰੀਨ ਲਗਾਈ ਗਈ ਹੈ, ਜਿਸ ’ਤੇ ਉਮੀਦਵਾਰ ਆਪਣੀ ਦੌੜ ਪੂਰੀ ਕਰਨ ਦਾ ਸਮਾਂ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇੱਕ ਤੋਂ ਵੱਧ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਪੀਐਸਟੀ ਵਿੱਚ ਸਿਰਫ਼ ਇੱਕ ਵਾਰ ਹੀ ਭਾਗ ਲੈਣਾ ਹੋਵੇਗਾ। ਹਰੇਕ ਅਸਾਮੀ ਲਈ ਵੱਖ-ਵੱਖ ਦੌੜ ਲਗਾਉਣ ਦੀ ਲੋੜ ਨਹੀਂ ਹੋਵੇਗੀ। ਪੀਐਸਟੀ ਪ੍ਰਕਿਰਿਆ ਪੂਰੀ ਹੋਣ ਤੱਕ ਇੱਕ ਮੈਡੀਕਲ ਬੋਰਡ ਦਾ ਗਠਨ ਵੀ ਕੀਤਾ ਗਿਆ ਹੈ। ਜੇਕਰ ਕਿਸੇ ਉਮੀਦਵਾਰ ਨੇ ਮੈਡੀਕਲ ਆਧਾਰ ’ਤੇ ਛੋਟ ਪ੍ਰਾਪਤ ਕਰਨੀ ਹੈ ਤਾਂ ਇਸ ਲਈ ਕਮਿਸ਼ਨ ਦੇ ਦਫ਼ਤਰ, ਪੰਚਕੂਲਾ ਵਿਖੇ ਰਿਪ੍ਰਜ਼ੈਂਟੇਸ਼ਨ ਦੇਣਾ ਲਾਜ਼ਮੀ ਹੋਵੇਗਾ। ਉਮੀਦਵਾਰ ਆਪਣੇ ਨਾਲ ਮੈਡੀਕਲ ਅਤੇ ਹੋਰ ਸਬੰਧਤ ਦਸਤਾਵੇਜ਼ ਜ਼ਰੂਰ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਪੀਐਸਟੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਉਪਲਬਧ ਹੋਵੇਗੀ। ਕਰਨਾਲ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਵੀ ਮੁਫ਼ਤ ਬੱਸ ਸੇਵਾ ਮਿਲੇਗੀ। ਇਸ ਲਈ ਉਮੀਦਵਾਰਾਂ ਨੂੰ ਆਪਣਾ ਐਡਮਿਟ ਕਾਰਡ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਐਡਮਿਟ ਕਾਰਡ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਐਡਮਿਟ ਕਾਰਡ ’ਤੇ ਦਿੱਤੇ ਰਿਪੋਰਟਿੰਗ ਸਮੇਂ ਤੋਂ ਪਹਿਲਾਂ ਪੀਐਸਟੀ ਸਥਾਨ ’ਤੇ ਪਹੁੰਚਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਲਈ ਹੈਲਪਲਾਈਨ ਨੰਬਰ 079719-00047 ’ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਏਐਸਪੀ ਰਵਿੰਦਰ ਕੁਮਾਰ, ਐਸਡੀਐਮ ਕਰਨਾਲ ਦੇਵੇਂਦਰ ਸ਼ਰਮਾ, ਡੀਐਸਪੀ ਸੋਨੂੰ, ਐਚਐਸਐਸਸੀ ਦੇ ਮੈਂਬਰ ਅਤੇ ਨੋਡਲ ਅਧਿਕਾਰੀ ਭੁਪਿੰਦਰ ਚੌਹਾਨ, ਮੈਂਬਰ ਕਪਿਲ ਵੀ ਮੌਜੂਦ ਰਹੇ।
