ਗੜਸ਼ੰਕਰ (ਪੈਗ਼ਾਮ-ਏ-ਜਗਤ) ਦੇਸ਼ ਦੀਆਂ ਪ੍ਰਮੁੱਖ ਖੱਬੀਆਂ ਪਾਰਟੀਆ ਵਲੋ 17 ਜੂਨ ਨੂੰ ਦੇਸ਼ ਭਰ ਵਿੱਚ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀ ਯਹੂਦੀਵਾਦੀ ਨੇਤਨਯਾਹੂ ਹਕੂਮਤ ਵਲੋਂ ਕੀਤੇ ਜਾ ਰਹੇ ਬੇਕਸੂਰ ਫ਼ਲਸਤੀਨੀ ਲੋਕਾਂ ਦੇ ਨਸਲਘਾਤ ਖਿਲਾਫ ਵਿਰੋਧ ਵਿਖਾਵੇ ਕਰਨ ਅਤੇ ਨੇਤਨਯਾਹੂ ਤੇ ਉਸ ਦੇ ਆਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਸਾੜਨ  ਦੇ ਦਿੱਤੇ ਸੱਦੇ 'ਤੇ ਗੜਸ਼ੰਕਰ ਦੀ ਖੱਬੀਆ ਪਾਰਟੀਆ,ਜਨਤਕ ਅਤੇ  ਮੁਲਾਜ਼ਮ ਜੱਥੇਬੰਦੀਆ ਵਲੋਂ ਸਾਂਝੇ ਤੌਰ 'ਤੇ ਡਾ.ਭਾਗ ਸਿੰਘ ਯਾਦਗਾਰੀ ਹਾਲ  ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਬੰਗਾ ਚੌਂਕ ਵਿੱਚ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਫੂਕੇ। ਇਸ ਸਮੇ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਗੁਰਨੇਕ ਭੱਜਲ,ਦਰਸ਼ਨ ਸਿੰਘ ਮੱਟੂ,ਹਰਮੇਸ਼ ਢੇਸੀ,ਕੁਲਭੂਸ਼ਨ ਮਹਿੰਦਵਾਣੀ, ਮਾ.ਅਜੀਤ ਸਿੰਘ,ਸ਼ਾਮ ਸੁੰਦਰ, ਹੰਸ ਰਾਜ ਗੜਸ਼ੰਕਰ,ਬੀਬੀ ਸ਼ੁਭਾਸ਼ ਮੱਟੂ,ਦਵਿੰਦਰ ਰਾਣਾ,ਮਹਿੰਦਰ ਬੱਢੋਆਣ ਨੇ ਕਿਹਾ ਕਿ ਇਜਰਾਈਲੀ ਹਕੂਮਤ ਵਲੋਂ ਜਿੱਥੇ ਗਾਜ਼ਾ ਵਿੱਚ ਫਲਸਤੀਨੀ ਬੱਚਿਆਂ ਅਤੇ ਲੋਕਾਂ ਵਿਰੁੱਧ ਇਜ਼ਰਾਈਲੀ ਸਰਕਾਰ ਵੱਲੋਂ  ਘਿਨਾਉਣੀ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਤਕਰੀਬਨ ਪਿਛਲੇ ਦੋ ਸਾਲ ਤੋਂ ਇਜ਼ਰਾਈਲ ਦੀ ਬੇਰਹਿਮ ਬੰਬਾਰੀ ਅਤੇ ਫੌਜੀ ਹਮਲੇ ਨੇ 55,000 ਤੋਂ ਵੱਧ ਫਲਸਤੀਨੀ ਮਾਰੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਜ਼ਰੂਰੀ ਬੁਨਿਆਦੀ ਢਾਂਚੇ, ਹਸਪਤਾਲਾਂ, ਸਕੂਲਾਂ ਅਤੇ ਸ਼ਰਨਾਰਥੀ ਆਸਰਾ-ਘਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨਾਲ ਗਾਜ਼ਾ ਦੇ ਲੋਕਾਂ ਨੂੰ ਇੱਕ ਬੇਮਿਸਾਲ ਮਨੁੱਖੀ ਤਬਾਹੀ ਵਿੱਚ ਧੱਕਿਆ ਜਾ ਰਿਹਾ ਹੈ। ਇਹ ਸਭ ਕੁਕਰਮ ਨਸਲਕੁਸ਼ੀ ਤੋਂ ਘੱਟ ਨਹੀਂ ਹਨ। ਸਭ ਤੋਂ ਅਣਮਨੁੱਖੀ ਗੱਲ ਹੈ ਕਿ ਇਜ਼ਰਾਈਲ ਗਾਜ਼ਾ ਵਿੱਚ ਮਾਨਵੀ ਅਧਾਰ 'ਤੇ ਸਹਾਇਤਾ ਭੇਜੇ ਜਾਣ ਉਤੇ ਵੀ ਫੌਜੀ ਤਾਕਤ ਨਾਲ ਰੋਕਾਂ ਲਾ ਰਿਹਾ ਹੈ।
   ਉਥੇ ਇਜ਼ਰਾਈਲ ਹਕੂਮਤ ਨੇ ਅਮਰੀਕਾ ਦੇ ਇਸ਼ਾਰੇ 'ਤੇ ਇਰਾਨ ਉਤੇ ਵੀ ਬੰਬਾਂ, ਮਿਜ਼ਾਇਲਾਂ ਤੇ ਡਰੋਨਾਂ ਨਾਲ ਵੱਡਾ ਹਮਲਾ ਆਰੰਭ ਦਿੱਤਾ ਹੈ। ਇਹ ਹਮਲੇ ਇਰਾਨ ਦੀ ਪ੍ਰਭੂਸੱਤਾ ਦੀ ਖੁੱਲ੍ਹੀ ਉਲੰਘਣਾ ਹੈ ।
 ਭਾਵੇਂ ਇਰਾਨ ਨਾਲ ਭਾਰਤ ਦੇ ਸਦੀਆਂ ਤੋਂ ਬਹੁਪਰਤੀ ਸਬੰਧ ਚਲੇ ਆ ਰਹੇ ਹਨ ਅਤੇ ਉਹ ਭਾਰਤ ਦਾ ਇੱਕ ਸਹਿਯੋਗੀ ਤੇ ਦੋਸਤ ਮੁਲਕ ਹੈ,ਪਰ ਟਰੰਪ ਅਤੇ ਨੇਤਨਯਾਹੂ ਦੀ ਨਰਾਜ਼ਗੀ ਸਹੇੜਣ ਦੇ ਡਰੋਂ ਮੋਦੀ ਸਰਕਾਰ ਇਜ਼ਰਾਇਲ ਦੀ ਇਸ ਨੰਗੇ ਚਿੱਟੇ ਇਕਪਾਸੜ ਹਮਲੇ ਖ਼ਿਲਾਫ਼ ਸਟੈਂਡ ਲੈਣ ਲਈ ਤਿਆਰ ਨਹੀਂ ਹੈ।
      ਇਸ ਲਈ ਸਭ ਇਨਸਾਫ਼ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਧਾੜਵੀਆ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਸਮੇ ਵੱਖ-ਵੱਖ ਆਗੂ ਮੁਕੇਸ਼ ਕੁਮਾਰ,ਸਤਪਾਲ ਕਲੇਰ ਜਸਵਿੰਦਰ ਸਿੰਘ,ਬਲਵੀਰ ਸਿੰਘ ਖਾਨਪੁਰੀ,ਪਰਮਜੀਤ ਸਿੰਘ,ਮਨਦੀਪ ਸਿੰਘ ਅਮਰਜੀਤ ਸਿੰਘ,ਰਜਿੰਦਰ ਸਿੰਘ,ਸ਼ਿੰਗਾਰਾ ਰਾਮ ਭੱਜਲ,ਗਿਆਨੀ ਅਵਤਾਰ ਸਿੰਘ,ਬਾਬੂ ਗੋਪਾਲ ਦਾਸ,ਜੋਗਿੰਦਰ ਸਿੰਘ ਦਦਿਆਲ,ਅਸ਼ੋਕ ਕੁਮਾਰ ਮਹਿੰਦਵਾਣੀ, ਬਲਵੰਤ ਰਾਮ,ਹਰਭਜਨ ਸਿੰਘ ਅਟਵਾਲ, ਗੋਪਾਲ ਸਿੰਘ ਥਾਂਦੀ, ਬਲਦੇਵ ਸਤਨੌਰ, ਮੋਹਨ ਲਾਲ ਬੀਨੇਵਾਲ, ਜੁਝਾਰ ਸਿੰਘ ਮੱਟੂ, ਅਮਰਜੀਤ ਸਿੰਘ ਕੁਲੇਵਾਲ, ਪਰੇਮ ਸਿੰਘ ਰਾਨਾ,ਪ੍ਰੇਮ ਸਿੰਘ ਪਰੇਮੀ,ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਭੱਜਲ,ਕਮਲ ਬਗਾਣੀਆਂ,ਹਰਭਜਨ ਸਿੰਘ ਮਹਿਤਾਬ ਪੁਰ,ਨੀਲਮ ਬਡੋਆਣ,ਰਸ਼ਪਾਲ ਕੌਰ,ਸੁਨੀਤਾ ਸਾਬਕ ਸਰਪੰਚ , ਬਲਵਿੰਦਰ ਕੌਰ ਮੱਟੂ, ਬਲਵੀਰ ਸਿੰਘ ਮੱਟੂ,ਬਲਰਾਜ ਪੰਡਿਤ,  ਅਵਤਾਰ ਸਿੰਘ ਦੇਣੋਵਾਲ ਕਲਾਂ ਆਦਿ ਹਾਜ਼ਰ ਸਨ।