ਪਟਿਆਲਾ:- ਜ਼ਿੰਦਗੀ ਵਿੱਚ ਤਰੱਕੀਆਂ, ਖੁਸ਼ਹਾਲੀ, ਸੰਤੁਸ਼ਟੀ ਅਤੇ ਸਨਮਾਨ ਪ੍ਰਾਪਤ ਕਰਨ ਲਈ ਅਧਿਆਪਕ-ਗੁਰੂਆਂ, ਮਾਪਿਆਂ, ਬਜ਼ੁਰਗਾਂ, ਧਰਤੀ ਮਾਂ ਦੀਆਂ ਦੂਆਵਾ, ਅਸ਼ੀਰਵਾਦ, ਆਗਿਆ ਪਾਲਣ ਅਤੇ ਇਮਾਨਦਾਰੀ ਦੀਆਂ ਆਦਤਾਂ, ਭਾਵਨਾਵਾਂ ਅਤੇ ਅਨੁਸ਼ਾਸਨ ਤੋਂ ਇਲਾਵਾ ਆਪਸੀ ਤਾਲਮੇਲ, ਸਹਿਯੋਗ ਰਾਹੀਂ ਮਿਲ਼ਦੇ ਹਨ। ਇਸ ਲਈ ਗ੍ਰੀਨ ਲੈਂਡ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਸਿਖਿਆ ਦੇ ਨਾਲ, ਇਨ੍ਹਾਂ ਮਹਾਨ ਗੁਣਾਂ, ਵਿਚਾਰਾਂ ਅਤੇ ਆਦਤਾਂ ਦਾ ਸੰਚਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵਿਚਾਰ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਵਲੋਂ, ਸਾਲ 2025 ਦੇ ਆਖਰੀ ਦਿਹਾੜੇ ਮੌਕੇ ਆਪਣੇ ਵਿਦਿਆਰਥੀਆਂ ਨੂੰ ਸਕੂਲ ਤੋਂ ਅਲਵਿਦਾ ਕਹਿੰਦੇ ਅਤੇ ਅਸ਼ੀਰਵਾਦ ਦਿੰਦੇ ਹੋਏ ਪ੍ਰਗਟ ਕੀਤੇ। ਵਿਦਿਆਰਥੀਆਂ ਵਲੋਂ ਹਰਰੋਜ ਦੀ ਤਰ੍ਹਾਂ, ਛੁੱਟੀ ਸਮੇਂ ਆਪਣੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਅਸ਼ੀਰਵਾਦ, ਦੂਆਵਾ ਪ੍ਰਾਪਤ ਕੀਤੀਆਂ।
ਸਕੂਲ ਵਲੋਂ ਵਿਦਿਆਰਥੀਆਂ ਨੂੰ ਸਮਝਾਇਆਂ ਜਾਂਦਾ ਹੈ ਕਿ ਜ਼ਿੰਦਗੀ ਨੂੰ ਮੁੱਲਵਾਨ ਅਤੇ ਖੁਸ਼ਹਾਲ ਬਣਾਉਣ ਲਈ ਅਨੁਸ਼ਾਸਨ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਆਗਿਆ ਪਾਲਣ, ਅਸ਼ੀਰਵਾਦ, ਆਤਮ ਵਿਸ਼ਵਾਸ ਅਤੇ ਗਿਆਨਵਾਨ, ਵਿਦਵਾਨ, ਤਜਰਬੇਕਾਰ ਲੋਕਾਂ ਦੀ ਅਗਵਾਈ, ਸ਼ਕਾਇਤਾਂ ਦੀ ਥਾਂ ਧੰਨਵਾਦ ਕਰਨ ਦੀਆਂ ਆਦਤਾਂ, ਬਚਪਨ ਵਿੱਚ ਹੀ ਸਕੂਲਾਂ ਅਤੇ ਘਰ ਪਰਿਵਾਰਾਂ ਤੋਂ ਮਿਲ ਸਕਦੀਆਂ ਹਨ। ਸਮੇਂ ਸਮੇਂ ਮਾਪਿਆਂ ਦੇ ਪੂਰਨ ਸਹਿਯੋਗ ਨਾਲ, ਬੱਚਿਆਂ ਦੇ ਉਜਵਲ ਭਵਿੱਖ ਹਿੱਤ ਯਤਨ ਕੀਤੇ ਜਾ ਰਹੇ ਹਨ।
ਸਕੂਲ ਵਲੋਂ ਵਿਦਿਆਰਥੀਆਂ ਨੂੰ ਚੰਗੀ ਗੁਣਕਾਰੀ ਸਿਖਿਆ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਅਤੇ ਆਤਮ ਵਿਸ਼ਵਾਸ ਦੀ ਮਹੱਤਤਾ, ਦੇਸ਼ ਸਮਾਜ, ਘਰ ਪਰਿਵਾਰਾਂ, ਸੰਸਥਾਵਾਂ ਅਤੇ ਕੁਦਰਤ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਕੇ, ਚੰਗੇ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਬੁਰਾਈਆਂ, ਨਸ਼ਿਆਂ, ਅਪਰਾਧਾਂ, ਮਾੜੇ ਕਾਰਜਾਂ, ਲਾਪਰਵਾਹੀਆਂ, ਅਗਿਆਨਤਾ ਰਾਹੀਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਸਕੂਲ ਦੇ ਨਤੀਜੇ ਹਰ ਸਾਲ ਦੂਜੇ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬੇਹਤਰੀਨ ਅਤੇ ਤਸੱਲੀਬਖ਼ਸ਼ ਆਉਂਦੇ ਹਨ। ਪਿਛਲੇ ਸਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਵੋਤਮ ਅੰਕ ਹਾਸਲ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਸਨਮਾਨ ਵਧਾਇਆ ਸੀ। ਇਸ ਵਾਰ ਵੀ ਉਨ੍ਹਾਂ ਦੇ ਵਿਦਿਆਰਥੀਆਂ ਵਲੋਂ ਸਰਵੋਤਮ ਸਨਮਾਨ ਪ੍ਰਾਪਤ ਕੀਤੇ ਜਾਣਗੇ।
