ਪਟਿਆਲਾ, 18 ਦਸੰਬਰ: ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੀ 25.60 ਲੱਖ ਰੁਪਏ ਦੀ ਜਾਇਦਾਦ ਸੀਲ ਕਰ ਦਿੱਤੀ ਹੈ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਤਹਿਤ ਅੱਜ ਥਾਣਾ ਸ਼ੇਰਮਾਜਰਾ ਦੇ ਵਸਨੀਕ ਇੱਕ ਨਸ਼ਾ ਤਸਕਰ ਦੀ ਜਾਇਦਾਦ ਨੂੰ ਡੀ.ਐਸ.ਪੀ. ਸਮਾਣਾ ਦੀ ਨਿਗਰਾਨੀ ਹੇਠ ਸੀਲ ਕੀਤਾ ਗਿਆ।
ਡੀਐਸਪੀ ਜੀ. ਐਸ. ਸਿਕੰਦ ਨੇ ਦੱਸਿਆ ਕਿ ਨਸ਼ਾ ਤਸਕਰ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸ਼ੇਰਮਾਜਰਾ ਦਾ ਰਿਹਾਇਸ਼ੀ ਟਿਕਾਣਾ ਅਟੈਚ ਕੀਤਾ ਗਿਆ ਹੈ, ਜਿਸ ਦੀ ਕੀਮਤ ਕਰੀਬ 25 ਲੱਖ 62 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਦੀਆਂ ਹਦਾਇਤਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਖ਼ਿਲਾਫ਼ ਸਾਲ 2022 ਵਿੱਚ ਮੁਹਾਲੀ ਵਿੱਚ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਅਤੇ ਸਾਲ 2021 ਵਿੱਚ ਥਾਣਾ ਸਿਟੀ ਸੁਨਾਮ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ।
ਸ਼ੇਰਮਾਜਰਾ ਦੇ ਨਸ਼ਾ ਤਸਕਰ ਦੀ 25 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਗਈ ਸੀਲ
