ਪਟਿਆਲਾ:- ਪ੍ਰਤਿਮਾਨ ਸਾਹਿਤਕ ਮੰਚ, ਪਟਿਆਲਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਪ੍ਰਵਾਸੀ ਲੇਖਕ ਡਾ. ਪ੍ਰੇਮ ਮਾਨ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਢਿੱਲੋਂ ਰੈਜ਼ੀਡੈਂਸੀ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਡਾ. ਅਮਰਜੀਤ ਕੌਂਕੇ ਵੱਲੋਂ ਉਨ੍ਹਾਂ ਦੀ ਪੁਸਤਕ 'ਅੱਜ ਧੁੱਪ ਨਿੱਘੀ ਨਹੀਂ' ਦੇ ਹਿੰਦੀ ਅਨੁਵਾਦ 'आज धूप गुनगुनी नहीं' ਦਾ ਲੋਕ ਅਰਪਣ ਕੀਤਾ ਗਿਆ।
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਵਿੰਦਰ ਅਮਨ ਨੇ ਇਸ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਤਿਮਾਨ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਨੂੰ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਨ ਲਈ ਮੰਚ ’ਤੇ ਸੱਦਾ ਦਿੱਤਾ। ਡਾ. ਕੌਂਕੇ ਨੇ ਸਭ ਨੂੰ ਜੀ ਆਇਆਂ ਆਖਦਿਆਂ ਡਾ. ਪ੍ਰੇਮ ਮਾਨ ਬਾਰੇ ਜਾਣਕਾਰੀ ਦਿੱਤੀ ਕਿ ਉਹ ਲੰਮੇ ਸਮੇਂ ਤੋਂ ਕਵਿਤਾ, ਕਹਾਣੀ ਅਤੇ ਵਾਰਤਕ ਦੇ ਖੇਤਰ ਵਿੱਚ ਸਰਗਰਮ ਹਨ। ਉਨ੍ਹਾਂ ਨੇ ਪ੍ਰਵਾਸੀ ਜੀਵਨ ਨਾਲ ਸਬੰਧਤ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਨ। ਇਨ੍ਹਾਂ ਕਹਾਣੀਆਂ ਦੀ ਪਹੁੰਚ ਬਾਰੇ ਗੱਲ ਕਰਦਿਆਂ ਡਾ. ਕੌਂਕੇ ਨੇ ਕਿਹਾ ਕਿ ਪ੍ਰੇਮ ਮਾਨ ਨੇ ਵਿਦੇਸ਼ੀ ਜੀਵਨ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਬਹੁਤ ਖੁੱਲ੍ਹੇ ਦਿਲ ਅਤੇ ਹਿੰਮਤ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਪ੍ਰੇਮ ਮਾਨ ਦੀ ਸ਼ਖ਼ਸੀਅਤ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।
ਸੰਗਰੂਰ ਤੋਂ ਆਏ ਲੇਖਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਪ੍ਰੇਮ ਮਾਨ ਸਿਰਫ਼ ਪੰਜਾਬੀ ਦੇ ਲੇਖਕ ਹੀ ਨਹੀਂ, ਸਗੋਂ ਅਮਰੀਕਾ ਵਿੱਚ ਅਰਥ-ਸ਼ਾਸਤਰ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਵੱਡਾ ਨਾਮ ਹੈ। ਉਨ੍ਹਾਂ ਨੇ ਪੁਰਾਣੇ ਸਮੇਂ ਵਿੱਚ ਆਪਣੇ ਅਤੇ ਪ੍ਰੇਮ ਮਾਨ ਦੇ ਸਬੰਧਾਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਬਾਅਦ ਡਾ. ਪਸ਼ਵਿੰਦਰ ਕੌਰ ਨੇ ਕਿਹਾ ਕਿ ਪ੍ਰੇਮ ਮਾਨ ਨੂੰ ਅਧਿਆਪਨ ਦੇ ਖੇਤਰ ਵਿੱਚ ਲੰਮਾ ਤਜਰਬਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬਿਆਂ ਤੋਂ ਕੱਢੇ ਨਤੀਜਿਆਂ ਨੂੰ ਆਪਣੀ ਲੇਖਣੀ ਵਿੱਚ ਸਮੇਟ ਕੇ ਪੰਜਾਬੀ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਪ੍ਰੇਮ ਮਾਨ ਵੱਲੋਂ ਲਿਖੇ ਰੇਖਾ-ਚਿੱਤਰਾਂ ਵਿੱਚ ਸੰਤੁਲਿਤ ਪਹੁੰਚ ਬਾਰੇ ਵੀ ਗੱਲ ਕੀਤੀ।
ਪੈਰਿਸ ਤੋਂ ਆਈ ਲੇਖਿਕਾ ਅੰਜੂ ਕੈਂਥ ਨੇ ਕਿਹਾ ਕਿ ਆਮ ਤੌਰ ’ਤੇ ਲੇਖਕ ਦੀ ਸ਼ਖ਼ਸੀਅਤ ਅਤੇ ਉਸ ਦੀ ਲੇਖਣੀ ਵਿੱਚ ਕਾਫ਼ੀ ਅੰਤਰ ਹੁੰਦਾ ਹੈ, ਪਰ ਪ੍ਰੇਮ ਮਾਨ ਦੀ ਸ਼ਖ਼ਸੀਅਤ ਅਤੇ ਲੇਖਣੀ ਵਿੱਚ ਇਕਸੁਰਤਾ ਦੇਖਣ ਨੂੰ ਮਿਲਦੀ ਹੈ। ਡਾ. ਅਮਰਜੀਤ ਸਿੰਘ ਕਾਵਿ-ਸ਼ਾਸਤਰ ਨੇ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਲੇਖਕ ਆਪਣੇ ਪ੍ਰਵਾਸ ਦੇ ਅਨੁਭਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਮਾਣਿਕ ਰੂਪ ਵਿੱਚ ਪੇਸ਼ ਨਹੀਂ ਕਰਦੇ, ਪਰ ਪ੍ਰੇਮ ਮਾਨ ਦੀਆਂ ਰਚਨਾਵਾਂ ਪ੍ਰਵਾਸ ਦੇ ਅਨੁਭਵਾਂ ਨੂੰ ਆਪਣੇ ਅੰਦਰ ਸਮੇਟ ਕੇ ਉਨ੍ਹਾਂ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਦੀਆਂ ਹਨ।
ਬਰਨਾਲਾ ਤੋਂ ਆਏ ਕਹਾਣੀਕਾਰ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਡਾ. ਪ੍ਰੇਮ ਮਾਨ ਅਮਰੀਕਾ ਦੀ ਧਰਤੀ ’ਤੇ ਰਹਿ ਕੇ ਪੰਜਾਬੀ ਵਿੱਚ ਜੋ ਸਾਹਿਤ ਸਿਰਜ ਰਹੇ ਹਨ, ਉਹ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਪ੍ਰੇਮ ਮਾਨ ਦੀਆਂ ਕਹਾਣੀਆਂ ਬਾਰੇ ਕਈ ਨੁਕਤੇ ਵੀ ਉਠਾਏ। ਡਾ. ਰਵੀ ਦਿੱਤ ਨੇ ਕਿਹਾ ਕਿ ਭਾਸ਼ਾ ਅਤੇ ਸੱਭਿਆਚਾਰ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ। ਪ੍ਰੇਮ ਮਾਨ ਨੇ ਅਮਰੀਕਾ ਵਿੱਚ ਰਹਿੰਦਿਆਂ ਉੱਥੋਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰਕੇ ਪੰਜਾਬੀ ਪਾਠਕਾਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।
ਇਨ੍ਹਾਂ ਤੋਂ ਇਲਾਵਾ ਹਰਪਾਲ ਸਿੰਘ ਪਾਲ, ਆਰ.ਪੀ. ਸਿੰਘ, ਗਗਨਦੀਪ, ਰਾਜਵਿੰਦਰ ਕੌਰ ਜਟਾਣਾ, ਨਿਰਮਲ ਸਿੰਘ ਆਦਿ ਨੇ ਵੀ ਪ੍ਰੇਮ ਮਾਨ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਾਅਦ ਪ੍ਰਸਿੱਧ ਲੇਖਕ ਕਿਰਪਾਲ ਕਜ਼ਾਕ ਨੇ ਕਿਹਾ ਕਿ ਪ੍ਰਵਾਸੀ ਲੇਖਕਾਂ ਵਿੱਚ ਆਪਣੀ ਵਿਰਾਸਤ ਨਾਲ ਜੁੜਾਅ ਅਕਸਰ ਪ੍ਰਵਾਸ ਵਿੱਚ ਵੀ ਬਣਿਆ ਰਹਿੰਦਾ ਹੈ, ਪਰ ਪ੍ਰੇਮ ਮਾਨ ਨੇ ਇਸ ਰਵਾਇਤੀ ਪੈਟਰਨ ਨੂੰ ਤੋੜਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਬੋਲਡਨੈੱਸ ਹੈ, ਪਰ ਬੇਲੋੜਾ ਰੌਲਾ ਨਹੀਂ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਕਿਤੇ ਵੀ ਢਿੱਲ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਵਾਰਤਕ ਲਿਖਣ ਵਾਲੇ ਲੇਖਕਾਂ ਦੀ ਭਾਸ਼ਾ ਵਿੱਚ ਆਮ ਤੌਰ ’ਤੇ ਪੱਤਰਕਾਰੀ ਦਾ ਅੰਸ਼ ਆ ਜਾਂਦਾ ਹੈ, ਪਰ ਪ੍ਰੇਮ ਮਾਨ ਨੇ ਆਪਣੀਆਂ ਵਾਰਤਕ ਲਿਖਤਾਂ ਵਿੱਚ ਪੱਤਰਕਾਰੀ ਦੇ ਅੰਸ਼ ਨੂੰ ਦਾਖ਼ਲ ਹੋਣ ਤੋਂ ਰੋਕਿਆ ਹੈ। ਉਨ੍ਹਾਂ ਨੇ ਇਨ੍ਹਾਂ ਕਹਾਣੀਆਂ ਵਿੱਚ ਸੰਜਮ ਦੀ ਵੀ ਸ਼ਲਾਘਾ ਕੀਤੀ।
ਕਿਰਪਾਲ ਕਜ਼ਾਕ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪੂਰ ਨੇ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਇਸ ਛੋਟੀ ਜਿਹੀ ਮੀਟਿੰਗ ਵਿੱਚ ਬਹੁਤ ਵੱਡੀਆਂ ਗੱਲਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਲੇਖਕ ਲਿਖਦਾ ਰਹਿੰਦਾ ਹੈ, ਉੰਨਾ ਚਿਰ ਉਹ ਜਿਉਂਦਾ ਰਹਿੰਦਾ ਹੈ। ਉਨ੍ਹਾਂ ਨੇ ਡਾ. ਪ੍ਰੇਮ ਮਾਨ ਦੀਆਂ ਕਹਾਣੀਆਂ ਵਿੱਚ ਬੋਲਡ ਵਿਸ਼ਿਆਂ ਨੂੰ ਬਹੁਤ ਹੀ ਸਹਿਜਤਾ ਨਾਲ ਪੇਸ਼ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਅੰਤ ਵਿੱਚ ਨੌਜਵਾਨ ਸ਼ਾਇਰ ਯੁਵੀ ਯੁਵਰਾਜ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਤਿਮਾਨ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾ. ਪ੍ਰੇਮ ਮਾਨ ਨੂੰ ਸੁੰਦਰ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਵਿੰਦਰ ਅਮਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮੁੱਚੇ ਤੌਰ ’ਤੇ ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ, ਜਿਸ ਦੀ ਯਾਦ ਲੰਮੇ ਸਮੇਂ ਤੱਕ ਸਭ ਦੇ ਮਨਾਂ ਵਿੱਚ ਬਣੀ ਰਹੇਗੀ।
