ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਜੂਨ:- ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਦੇ ਖੇਤਰੀ ਦਫ਼ਤਰ ਮੋਹਾਲੀ ਨੇ ਵੇਰਕਾ ਮਿਲਕ ਪਲਾਂਟ, ਮੋਹਾਲੀ ਦੇ ਸਹਿਯੋਗ ਨਾਲ ਏ.ਟੀ.ਐੱਸ. ਕਾਸਾ ਐਸਪਾਨਾ, ਮੋਹਾਲੀ ਵਿਖੇ ਮੋਬਾਈਲ ਮਿਲਕ ਵੈਂਡਿੰਗ ਵੈਨ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੁੱਧ ਪਾਊਚਾਂ ਕਾਰਨ ਪੈਦਾ ਹੋਣ ਵਾਲੇ ਪਲਾਸਟਿਕ ਕੂੜੇ ਨੂੰ ਘਟਾਉਣਾ ਅਤੇ ਟਿਕਾਊ ਖਪਤ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਪਹਿਲ ਪੀ ਪੀ ਸੀ ਬੀ ਵੱਲੋਂ ਸਿੰਗਲ ਯੂਜ਼ ਪਲਾਸਟਿਕ (ਐੱਸ.ਯੂ.ਪੀ.) ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਲੋਕਾਂ ਨੂੰ ਅਜਿਹੀਆਂ ਸਧਾਰਨ ਜੀਵਨ ਸ਼ੈਲੀ ਤਬਦੀਲੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਸਰੋਤ ਪੱਧਰ ’ਤੇ ਪਲਾਸਟਿਕ ਕੂੜੇ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਣ। ਦੁੱਧ ਹਰ ਘਰ ਵਿੱਚ ਰੋਜ਼ਾਨਾ ਵਰਤੋਂ ਵਾਲੀ ਵਸਤੂ ਹੋਣ ਕਰਕੇ ਇਸ ਦੀ ਪੈਕਿੰਗ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਨਾਲ ਸ਼ਹਿਰ ਅਤੇ ਸੂਬਾ ਪੱਧਰ ’ਤੇ ਵਾਤਾਵਰਨ ਲਈ ਵੱਡੇ ਲਾਭ ਹੋ ਸਕਦੇ ਹਨ।
ਇਸ ਮੁਹਿੰਮ ਤਹਿਤ “ਦੁੱਧ ਉਹੀ, ਪਲਾਸਟਿਕ ਨਹੀਂ” ਦੇ ਸੰਦੇਸ਼ ਨਾਲ ਨਿਵਾਸੀ ਮੋਬਾਈਲ ਵੈਂਡਿੰਗ ਵੈਨ ਰਾਹੀਂ ਤਾਜ਼ਾ ਵੇਰਕਾ ਦੁੱਧ 64 ਰੁਪਏ ਪ੍ਰਤੀ ਲੀਟਰ ਦੀ ਰਿਆਇਤੀ ਦਰ ’ਤੇ ਖਰੀਦ ਸਕਣਗੇ, ਜਦਕਿ ਰਵਾਇਤੀ ਪਲਾਸਟਿਕ ਪਾਊਚ ਵਿੱਚ ਇਹੀ ਦੁੱਧ 66 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਘੱਟ ਕੀਮਤ ’ਤੇ ਦੁੱਧ ਉਪਲਬਧ ਕਰਵਾ ਕੇ ਲੋਕਾਂ ਨੂੰ ਆਪਣੇ ਮੁੜ ਵਰਤੇ ਜਾ ਸਕਣ ਵਾਲੇ ਬਰਤਨ, ਬੋਤਲਾਂ ਜਾਂ ਡੱਬੇ ਨਾਲ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਇੱਕ ਸਮੇਂ ਆਮ ਰਹੀ ਟਿਕਾਊ ਪ੍ਰਥਾ ਨੂੰ ਮੁੜ ਜੀਵੰਤ ਕੀਤਾ ਜਾ ਸਕੇ।
ਵੈਂਡਿੰਗ ਮਸ਼ੀਨ ਦੀ ਸਮਰੱਥਾ ਲਗਭਗ 300 ਲੀਟਰ ਹੈ ਅਤੇ ਇਸ ਨੂੰ ਹਰ ਰੋਜ਼ ਏ.ਟੀ.ਐੱਸ. ਕਾਸਾ ਐਸਪਾਨਾ ਵਿਖੇ ਤਾਇਨਾਤ ਕੀਤਾ ਜਾਵੇਗਾ। ਪੂਰੀ ਸਮਰੱਥਾ ਨਾਲ ਚੱਲਣ ਦੀ ਸਥਿਤੀ ਵਿੱਚ ਇਹ ਪਹਿਲ ਇੱਕ ਹੀ ਰਿਹਾਇਸ਼ੀ ਸੁਸਾਇਟੀ ਵਿੱਚ ਰੋਜ਼ਾਨਾ ਕਰੀਬ 600 ਪਲਾਸਟਿਕ ਦੁੱਧ ਪਾਊਚਾਂ ਦੀ ਵਰਤੋਂ ਨੂੰ ਖਤਮ ਕਰ ਸਕਦੀ ਹੈ। ਅੰਦਾਜ਼ੇ ਮੁਤਾਬਕ, ਜੇਕਰ ਕੋਈ ਪਰਿਵਾਰ ਰੋਜ਼ਾਨਾ 2 ਲੀਟਰ ਦੁੱਧ ਇਸ ਪ੍ਰਣਾਲੀ ਰਾਹੀਂ ਖਰੀਦਦਾ ਹੈ ਤਾਂ ਉਹ ਸਾਲਾਨਾ ਲਗਭਗ 4 ਕਿਲੋਗ੍ਰਾਮ ਪਲਾਸਟਿਕ ਕੂੜੇ ਨੂੰ ਪੈਦਾ ਹੋਣ ਤੋਂ ਰੋਕ ਸਕਦਾ ਹੈ। ਜੇਕਰ ਇਸ ਮਾਡਲ ਨੂੰ ਕਈ ਰਿਹਾਇਸ਼ੀ ਸੁਸਾਇਟੀਆਂ ਵਿੱਚ ਲਾਗੂ ਕੀਤਾ ਜਾਵੇ ਤਾਂ ਪਲਾਸਟਿਕ ਕੂੜੇ ਦੀ ਇਕੱਠ, ਪ੍ਰੋਸੈਸਿੰਗ ਅਤੇ ਨਿਪਟਾਰੇ ਦੀ ਲੋੜ ਵਿੱਚ ਵੱਡੀ ਕਮੀ ਲਿਆਂਦੀ ਜਾ ਸਕਦੀ ਹੈ।
ਪੀ ਪੀ ਸੀ ਬੀ ਦੇ ਅਧਿਕਾਰੀਆਂ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਹਤਰ ਕੂੜਾ ਪ੍ਰਬੰਧਨ ਪ੍ਰਣਾਲੀਆਂ ਦੇ ਨਾਲ-ਨਾਲ ਰੋਜ਼ਾਨਾ ਖਪਤਕਾਰਾਂ ਦੇ ਵਿਹਾਰ ਵਿੱਚ ਤਬਦੀਲੀ ਵੀ ਲਾਜ਼ਮੀ ਹੈ। ਜੇਕਰ ਇਹ ਪਾਇਲਟ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਪੀ ਪੀ ਸੀ ਬੀ ਵੇਰਕਾ ਨਾਲ ਮਿਲ ਕੇ ਇਸ ਪਹਿਲ ਨੂੰ ਮੋਹਾਲੀ ਦੀਆਂ ਹੋਰ ਰਿਹਾਇਸ਼ੀ ਸੁਸਾਇਟੀਆਂ ਅਤੇ ਬਾਅਦ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਸਥਾਰ ਦੇਣ ਲਈ ਕੰਮ ਕਰੇਗਾ।
 ਇਸ ਲਈ ਵਾਧੂ ਮੋਬਾਈਲ ਵੈਂਡਿੰਗ ਵੈਨਾਂ ਜਾਂ ਵੇਰਕਾ ਦੇ ਮੌਜੂਦਾ ਵੰਡ ਕੇਂਦਰਾਂ ’ਤੇ ਸਥਾਈ ਵੈਂਡਿੰਗ ਯੂਨਿਟ ਸਥਾਪਤ ਕੀਤੇ ਜਾ ਸਕਦੇ ਹਨ, ਜਿਸ ਨਾਲ ਸਿੰਗਲ ਯੂਜ਼ ਪਲਾਸਟਿਕ ਦੁੱਧ ਪੈਕਿੰਗ ਤੋਂ ਲੰਬੇ ਸਮੇਂ ਲਈ ਛੁਟਕਾਰਾ ਪਾਉਣ ਵੱਲ ਇੱਕ ਮਜ਼ਬੂਤ ਕਦਮ ਚੁੱਕਿਆ ਜਾਵੇਗਾ।
ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ.ਡਬਲਯੂ.ਏ.) ਅਤੇ ਹਾਊਸਿੰਗ ਸੁਸਾਇਟੀਆਂ, ਜੋ ਆਪਣੇ ਇਲਾਕਿਆਂ ਵਿੱਚ ਅਜਿਹੀ ਦੁੱਧ ਵੈਂਡਿੰਗ ਸਹੂਲਤ ਸਥਾਪਤ ਕਰਵਾਉਣ ਵਿੱਚ ਦਿਲਚਸਪੀ ਰੱਖਦੀਆਂ ਹਨ, ਉਹ ਹੋਰ ਜਾਣਕਾਰੀ ਅਤੇ ਸਹਿਯੋਗ ਲਈ ਪੀ ਪੀ ਸੀ ਬੀ ਨਾਲ ਸੰਪਰਕ ਕਰ ਸਕਦੀਆਂ ਹਨ।