ਗੁਰਦਾਸਪੁਰ:- ਪੁਲੀਸ ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਸਿਖਲਾਈ ਲੈ ਰਹੇ ਇੱਕ ਹੈੱਡ ਕਾਂਸਟੇਬਲ ਦੀ ਘਰ ਵਾਪਸ ਆਉਂਦਿਆਂ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ।
ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (40) ਨਾਮਕ ਹੈੱਡ ਕਾਂਸਟੇਬਲ ਤਰੱਕੀ ਮਗਰੋਂ ਪੁਲੀਸ ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਸਿਖਲਾਈ ਲੈ ਰਿਹਾ ਸੀ ਅਤੇ ਸੁਜਾਨਪੁਰ ਵਿਖੇ ਤਾਇਨਾਤ ਸੀ। ਸੰਗਰੂਰ ਵਿੱਚ ਡਿਊਟੀ ਕਰਨ ਤੋਂ ਬਾਅਦ ਉਹ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕ੍ਰਿਸ਼ਨਾ ਨਗਰ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਐਤਵਾਰ ਰਾਤ 9:15 ਵਜੇ ਦੇ ਕਰੀਬ ਉਸ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਪੁਰਾਣਾ ਸ਼ਾਲਾ ਨਜ਼ਦੀਕ ਪਹੁੰਚ ਗਿਆ ਹੈ ਅਤੇ 15 ਮਿੰਟ ਬਾਅਦ ਉਸ ਨੂੰ ਬਾਈਪਾਸ 'ਤੇ ਆ ਕੇ ਲੈ ਜਾਵੇ।
ਜਦੋਂ ਉਸ ਦਾ ਭਰਾ ਬੱਸ ਸਟੈਂਡ ਪਹੁੰਚਿਆ ਤਾਂ ਵਿਨੋਦ ਦਾ ਕੋਈ ਅਤਾ-ਪਤਾ ਨਹੀਂ ਲੱਗਾ ਅਤੇ ਉਹ ਫ਼ੋਨ ਵੀ ਅਟੈਂਡ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਉਸ ਦੀ ਲਾਸ਼ ਬੱਸ ਸਟੈਂਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਾਈਪਾਸ 'ਤੇ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਵਿਨੋਦ ਦੀ ਲਾਸ਼ ਮਿਲੀ ਤਾਂ ਉਸ ਦਾ ਸਾਮਾਨ ਵੀ ਉਸ ਦੇ ਕੋਲ ਨਹੀਂ ਸੀ। ਇਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੁੱਟਣ ਦੀ ਨੀਅਤ ਨਾਲ ਉਸ ਦਾ ਕਤਲ ਕੀਤਾ ਗਿਆ।
ਪਰਿਵਾਰ ਅਨੁਸਾਰ ਉਸ ਦੀ ਕਨਪਟੀ 'ਤੇ ਲੱਗੇ ਜ਼ਖ਼ਮ ਗੋਲੀ ਲੱਗਣ ਦੇ ਪ੍ਰਤੀਤ ਹੁੰਦੇ ਹਨ, ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਨੋਦ ਕੁਮਾਰ ਦੋ ਛੋਟੇ ਬੱਚਿਆਂ ਦਾ ਪਿਤਾ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਅੱਠ ਸਾਲ ਅਤੇ ਦੂਜੇ ਦੀ ਪੰਜ ਸਾਲ ਦੱਸੀ ਜਾ ਰਹੀ ਹੈ।
