ਅੰਬਾਲਾ, 13 ਨਵੰਬਰ (ਆਰ. ਸਿੰਘ):- ਅੱਜ ਅੰਬਾਲਾ ਸ਼ਹਿਰ ਦੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਨਰਸਰੀ ਵਿੰਗ ਵਿੱਚ ਬਾਲ ਦਿਵਸ ਮਨਾਉਣ ਲਈ ਇੱਕ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਪੇਸ਼ਕਾਰੀਆਂ ਦਿੱਤੀਆਂ। ਜਿੱਥੇ ਕੁਝ ਬੱਚਿਆਂ ਨੇ ਫੁੱਲਾਂ, ਤਿਤਲੀਆਂ, ਪਰੀਆਂ ਅਤੇ ਚੰਦ ਦੇ ਰੂਪ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ, ਉੱਥੇ ਹੀ ਕੁਝ ਨੇ ਜੰਗਲੀ ਜੀਵ ਬਚਾਓ, ਰੁੱਖ ਬਚਾਓ, ਧਰਤੀ ਬਚਾਓ ਅਤੇ ਪਾਣੀ ਬਚਾਓ ਵਰਗੇ ਵਿਸ਼ਿਆਂ ’ਤੇ ਧਿਆਨ ਕੇਂਦਰਿਤ ਕੀਤਾ। ਕੁਝ ਬੱਚਿਆਂ ਨੇ ਕੂੜੇਦਾਨ ਦੀ ਵਰਤੋਂ, ਹੈਲਮਟ ਪਹਿਨਣ, ਮੋਬਾਈਲ ਫੋਨਾਂ ਦੇ ਖ਼ਤਰਿਆਂ ਅਤੇ ਸਿਹਤਮੰਦ ਖਾਣੇ ਤੇ ਜੰਕ ਫੂਡ ਵਰਗੇ ਵਿਸ਼ਿਆਂ ’ਤੇ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਨੇ ਸੁੰਦਰ ਪ੍ਰੌਪਸ ਵੀ ਤਿਆਰ ਕੀਤੇ। ਕੁਝ ਬੱਚੇ ਭਾਰਤ ਦੀਆਂ ਮਹਾਨ ਸ਼ਖ਼ਸੀਅਤਾਂ, ਕੁਝ ਆਜ਼ਾਦੀ ਘੁਲਾਟੀਆਂ ਅਤੇ ਇੱਥੋਂ ਤੱਕ ਕਿ ਝਾਂਸੀ ਦੀ ਰਾਣੀ ਦੀ ਵੇਸ਼ਭੂਸ਼ਾ ਵਿੱਚ ਆਏ ਸਨ। ਬੱਚਿਆਂ ਨੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਗੀਤਾਂ ’ਤੇ ਨੱਚਦਿਆਂ ਇਸ ਮੌਕੇ ਦਾ ਭਰਪੂਰ ਆਨੰਦ ਮਾਣਿਆ।
ਸਕੂਲ ਦੇ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਫੈਂਸੀ ਡਰੈੱਸ ਮੁਕਾਬਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਭਵਿੱਖ ਵਿੱਚ ਹਰ ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਹਮੇਸ਼ਾ ਹੱਸਦੇ-ਮੁਸਕਰਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।
