ਨਵਾਂਸ਼ਹਿਰ, 17 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਖ਼ਜ਼ਾਨਾ ਤੇ ਲੇਖਾ ਸ਼ਾਖਾ) ਵੱਲੋਂ ਰਾਜ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਸਹੂਲਤ ਲਈ 19, 20 ਅਤੇ 21 ਨਵੰਬਰ 2026 ਨੂੰ ਪੰਜਾਬ ਦੇ ਸਮੂਹ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਵਿਖੇ ਵਿਸ਼ੇਸ਼ ‘ਪੈਨਸ਼ਨਰ ਸੇਵਾ ਮੇਲੇ’ ਲਗਾਏ ਜਾ ਰਹੇ ਹਨ।

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ‘ਪੈਨਸ਼ਨ ਸੇਵਾ ਪੋਰਟਲ’ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ। ਇਸ ਪੋਰਟਲ ਵਿੱਚ ਮਹੀਨਾਵਾਰ ਪੈਨਸ਼ਨ ਅਕਾਊਂਟਿੰਗ, ਈ-ਪੀ.ਪੀ.ਓ., ਸ਼ਿਕਾਇਤ ਨਿਵਾਰਨ ਅਤੇ ਜੀਵਨ ਪ੍ਰਮਾਣ ਪੱਤਰ ਦੇ ਏਕੀਕਰਨ ਵਰਗੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਨਵਾਂਸ਼ਹਿਰ ਅਤੇ ਸਬ-ਖ਼ਜ਼ਾਨਾ ਦਫ਼ਤਰ ਬੰਗਾ ਤੇ ਬਲਾਚੌਰ ਵਿਖੇ 19, 20 ਅਤੇ 21 ਨਵੰਬਰ 2026 ਨੂੰ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਸਮੂਹ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਲਈ 31 ਦਸੰਬਰ 2026 ਤੱਕ ਜੀਵਨ ਪ੍ਰਮਾਣ ਪੋਰਟਲ ਰਾਹੀਂ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨ ਦੇ ਨਾਲ-ਨਾਲ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਇਸ ਟੀਚੇ ਨੂੰ ਸਮੇਂ ਸਿਰ ਪੂਰਾ ਕਰਨ ਲਈ ਇਨ੍ਹਾਂ ਮੇਲਿਆਂ ਦੌਰਾਨ ਖ਼ਜ਼ਾਨਾ ਦਫ਼ਤਰਾਂ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਨੁਮਾਇੰਦੇ ਲੈਪਟਾਪ ਤੇ ਬਾਇਓਮੈਟ੍ਰਿਕ ਮਸ਼ੀਨਾਂ ਸਮੇਤ ਮੌਜੂਦ ਰਹਿਣਗੇ, ਤਾਂ ਜੋ ਪੈਨਸ਼ਨਰਾਂ ਦੀ ਈ-ਕੇਵਾਈਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੌਕੇ ’ਤੇ ਹੀ ਪੂਰੀ ਕੀਤੀ ਜਾ ਸਕੇ।

ਸਮੂਹ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 19, 20 ਜਾਂ 21 ਨਵੰਬਰ ਨੂੰ ਆਪਣੇ ਸਬੰਧਤ ਖ਼ਜ਼ਾਨਾ ਦਫ਼ਤਰ ਵਿਖੇ ਪਹੁੰਚ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਈ-ਕੇਵਾਈਸੀ ਤੇ ਜੀਵਨ ਪ੍ਰਮਾਣ ਪੱਤਰ ਦੀ ਪ੍ਰਕਿਰਿਆ ਪੂਰੀ ਕਰਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਈ-ਕੇਵਾਈਸੀ ਪਹਿਲਾਂ ਹੀ ਹੋ ਚੁੱਕੀ ਹੈ, ਉਨ੍ਹਾਂ ਨੂੰ ਦੁਬਾਰਾ ਈ-ਕੇਵਾਈਸੀ ਕਰਵਾਉਣ ਦੀ ਲੋੜ ਨਹੀਂ ਹੈ।