ਦਿੜ੍ਹਬਾ (ਸੰਗਰੂਰ), 22 ਨਵੰਬਰ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਪੀ.ਏ.ਯੂ.-ਕੇ.ਵੀ.ਕੇ.), ਸੰਗਰੂਰ ਵੱਲੋਂ ‘ਖੇਤ ਬਚਾਓ ਮੁਹਿੰਮ’ ਤਹਿਤ ਦਿੜ੍ਹਬਾ ਵਿਖੇ ਸਰਦੀ ਰੁੱਤ ਦੀਆਂ ਸਬਜ਼ੀਆਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦੀ ਪਛਾਣ ਤੇ ਰੋਕਥਾਮ ਸਬੰਧੀ ਇੱਕ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਕੋਰਸ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਕੋਰਸ ਦੌਰਾਨ ਸਹਾਇਕ ਪ੍ਰੋਫੈਸਰ (ਪਲਾਂਟ ਪੈਥਾਲੋਜੀ) ਡਾ. ਗੁਰਬੀਰ ਕੌਰ ਨੇ ਆਲੂ ਅਤੇ ਟਮਾਟਰ ਦੀ ਫ਼ਸਲ ਵਿੱਚ ਅਗੇਤੇ ਅਤੇ ਪਛੇਤੇ ਝੁਲਸ ਰੋਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੱਤਿਆਂ ਦੇ ਮੁੜਨ, ਗੁੱਛਾ-ਮੁੱਛਾ ਅਤੇ ਚਿੱਤਕਬਰੇ ਰੋਗ ਦੇ ਲੱਛਣਾਂ ਬਾਰੇ ਵੀ ਦੱਸਿਆ, ਤਾਂ ਜੋ ਕਿਸਾਨ ਸਮੇਂ ਸਿਰ ਸਮੱਸਿਆ ਦੀ ਪਛਾਣ ਕਰਕੇ ਢੁੱਕਵੇਂ ਰੋਕਥਾਮ ਉਪਾਅ ਅਪਣਾ ਸਕਣ।
ਉਨ੍ਹਾਂ ਮਟਰ, ਆਲੂ, ਮਿਰਚ, ਟਮਾਟਰ ਅਤੇ ਗੋਭੀ ਦੀਆਂ ਫ਼ਸਲਾਂ ਵਿੱਚ ਸੁੰਡੀਆਂ, ਹਰੇ ਤੇਲੇ, ਚੇਪੇ ਅਤੇ ਸੁਰੰਗੀ ਕੀੜੇ ਕਾਰਨ ਹੋਣ ਵਾਲੇ ਨੁਕਸਾਨ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਸਬਜ਼ੀਆਂ ਵਿੱਚ ਜੜ੍ਹ-ਗੰਢ ਨੀਮਾਟੋਡ ਦੀ ਸਮੱਸਿਆ ਸਬੰਧੀ ਗੇਂਦੇ, ਸਣ, ਨਿੰਮ ਅਤੇ ਸਰ੍ਹੋਂ ਦੀ ਖਲ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ।
ਡਾ. ਗੁਰਬੀਰ ਕੌਰ ਨੇ ਉੱਲੀਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਸਹੀ ਮਾਤਰਾ, ਢੁੱਕਵੀਂ ਨੋਜ਼ਲ ਦੀ ਚੋਣ, ਛਿੜਕਾਅ ਲਈ ਪਾਣੀ ਦੀ ਮਾਤਰਾ ਅਤੇ ਛਿੜਕਾਅ ਦੇ ਸਹੀ ਸਮੇਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦਵਾਈ ਦੇ ਛਿੜਕਾਅ ਤੋਂ ਬਾਅਦ ਸਬਜ਼ੀ ਦੀ ਤੁੜਾਈ ਤੱਕ ਨਿਰਧਾਰਤ ਉਡੀਕ ਸਮੇਂ ਦੀ ਪਾਲਣਾ ਕਰਨ ਬਾਰੇ ਵੀ ਜਾਣਕਾਰੀ ਦਿੱਤੀ।
ਸਬਜ਼ੀਆਂ ਤੋਂ ਇਲਾਵਾ ਉਨ੍ਹਾਂ ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ, ਪੀਲੀ ਕੁੰਗੀ, ਚਿੱਟੋਂ, ਤੇਲੇ ਅਤੇ ਨੀਮਾਟੋਡ ਦੀ ਪਛਾਣ ਤੇ ਰੋਕਥਾਮ ਬਾਰੇ ਦੱਸਿਆ। ਕਣਕ ਵਿੱਚ ਪੀਲੇਪਣ ਦੀ ਸਮੱਸਿਆ ਅਤੇ ਮੈਂਗਨੀਜ਼ ਤੇ ਜ਼ਿੰਕ ਤੱਤਾਂ ਦੀ ਘਾਟ ਦੇ ਲੱਛਣਾਂ ਬਾਰੇ ਵੀ ਚਰਚਾ ਕੀਤੀ ਗਈ। ਇਸੇ ਤਰ੍ਹਾਂ ਸਰ੍ਹੋਂ ਦੀ ਫ਼ਸਲ ਵਿੱਚ ਤੰਬਾਕੂ ਦੀ ਸੁੰਡੀ, ਤੇਲੇ, ਸੁਰੰਗੀ ਕੀੜੇ, ਪੀਲੇ ਧੱਬਿਆਂ ਦੇ ਰੋਗ, ਝੁਲਸ ਰੋਗ ਅਤੇ ਚਿੱਟੋਂ ਦੀ ਪਛਾਣ ਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ, ਦਿੜ੍ਹਬਾ ਡਾ. ਮਨਜੀਤ ਕੌਰ ਨੇ ਸਰਦੀ ਰੁੱਤ ਦੀਆਂ ਸਬਜ਼ੀਆਂ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਬਸਿਡੀ ਸਕੀਮਾਂ ਅਤੇ ਖੇਤੀ ਮਸ਼ੀਨਰੀ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।
ਕੋਰਸ ਦੇ ਅੰਤ ਵਿੱਚ ਕਿਸਾਨਾਂ ਨੂੰ ਪੀ.ਏ.ਯੂ. ਦਾ ਖੇਤੀਬਾੜੀ ਸਾਹਿਤ ਵੰਡਿਆ ਗਿਆ। ਮਾਹਿਰਾਂ ਨੇ ਕਿਸਾਨਾਂ ਵੱਲੋਂ ਫ਼ਸਲਾਂ ਦੀ ਸੰਭਾਲ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
