ਪਟਿਆਲਾ, 15 ਨਵੰਬਰ (ਮਨਪ੍ਰੀਤ ਸਿੰਘ):- ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਦੀ ਇੱਕ ਅਹਿਮ ਮੀਟਿੰਗ ਬੰਗ ਮੀਡੀਆ ਕੰਪਲੈਕਸ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਇਕਾਈ ਦੇ ਵਿੱਤ ਵਿਭਾਗ ਮੁਖੀ ਸ੍ਰੀ ਸਤੀਸ਼ ਕੁਮਾਰ ਆਲੋਵਾਲ ਨੇ ਕੀਤੀ। ਇਕਾਈ ਦੇ ਮੀਡੀਆ ਮੁਖੀ ਜਾਗਨ ਸਿੰਘ ਨੇ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਦਿਨ-ਬ-ਦਿਨ ਅੰਧਵਿਸ਼ਵਾਸ ਵੱਧ ਰਹੇ ਹਨ। ਇਨ੍ਹਾਂ ਦੀ ਸਹੀ ਨਿਸ਼ਾਨਦੇਹੀ ਕਰਕੇ ਸੁਸਾਇਟੀ ਨੂੰ ਇਨ੍ਹਾਂ ਦਾ ਢੁੱਕਵਾਂ ਹੱਲ ਪੇਸ਼ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਜਦੋਂ ਵੀ ਧਾਰਮਿਕ ਕੱਟੜਵਾਦ ਵੱਧਦਾ ਹੈ ਤਾਂ ਲੋਕ ਬਹੁਤ ਸਾਰੇ ਕਰਮਕਾਂਡ ਕਰਨ ਲੱਗ ਪੈਂਦੇ ਹਨ, ਜਿਸ ਨਾਲ ਕਿਸੇ ਵੀ ਸਮਾਜ ਦਾ ਭਵਿੱਖ ਤਬਾਹ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਤ ਕਰਨ ਲਈ ਵੀ ਉਪਰਾਲੇ ਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਪਟਿਆਲਾ ਦੇ ਸਕੂਲਾਂ ਵਿੱਚ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀਆਂ ਦੀ ਯੋਗਤਾ ਪਰਖਣ ਦੀ ਮੁਹਿੰਮ ਸ਼ੁਰੂ ਕਰਨ ਲਈ ਇੱਕ ਨਵਾਂ ਪ੍ਰੋਗਰਾਮ ਵੀ ਉਲੀਕਿਆ ਹੈ।
ਇਸ ਮੌਕੇ ਪਟਿਆਲਾ ਜ਼ੋਨ ਦੀ ਜਥੇਬੰਦਕ ਆਗੂ ਬੀਬੀ ਕੁਲਵੰਤ ਕੌਰ ਨੇ *ਤर्कਸ਼ील* ਮੈਗਜ਼ੀਨ ਅਤੇ ਹਿੰਦੀ ਦੇ *ਤਰਕਸ਼ੀਲ ਪਥ* ਦੇ ਨਵੰਬਰ-ਦਸੰਬਰ ਅੰਕ ਪਾਠਕਾਂ ਤੱਕ ਪਹੁੰਚਾਉਣ ਲਈ ਮੈਂਬਰਾਂ ਵਿੱਚ ਵੰਡੇ। ਇਸ ਮੀਟਿੰਗ ਵਿੱਚ ਤਰਕਸ਼ੀਲ ਮੈਂਬਰ ਸ੍ਰੀ ਰਾਮ ਸਿੰਘ ਬੰਗ, ਰਾਮ ਕੁਮਾਰ ਢੱਕੜਬਾ, ਪ੍ਰੋਫੈਸਰ ਪੂਰਨ ਸਿੰਘ, ਤਰਸੇਮ ਲਾਲ, ਥਾਨ ਸਿੰਘ ਜੇ.ਈ., ਗੁਰਬਚਨ ਸਿੰਘ ਅਤੇ ਪਵਨ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਸ ਇਕੱਤਰਤਾ ਵਿੱਚ ਸੁਸਾਇਟੀ ਦਾ ਘੇਰਾ ਹੋਰ ਵਧਾਉਣ ਲਈ ਸਾਰੇ ਮੈਂਬਰਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਦੌਰਾਨ ਆਪਣੀਆਂ ਹਮਖਿਆਲੀ ਜਥੇਬੰਦੀਆਂ ਦੀਆਂ ਸਰਗਰਮੀਆਂ ਵਿੱਚ ਸ਼ਿਰਕਤ ਕਰਨ ਲਈ ਸਹਿਮਤੀ ਦਿੱਤੀ ਗਈ। ਸੁਸਾਇਟੀ ਦੇ ਮੈਂਬਰਾਂ ਅਤੇ ਹਮਦਰਦਾਂ ਵਿਚਕਾਰ ਤਾਲਮੇਲ ਵਧਾਉਣ ਲਈ ਹਰ ਤਿੰਨ ਮਹੀਨਿਆਂ ਵਿੱਚ ਇੱਕ ਪਰਿਵਾਰਕ ਮਿਲਣੀ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ।
