ਬੰਗਾ:- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐੱਮ.ਏ. ਅੰਗਰੇਜ਼ੀ ਸਮੈਸਟਰ-4 ਦੇ ਨਤੀਜਿਆਂ ਵਿੱਚ ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਪਰਵਿੰਦਰ ਕੌਰ (ਸਪੁੱਤਰੀ ਸ. ਕਰਨੈਲ ਸਿੰਘ ਅਤੇ ਸ੍ਰੀਮਤੀ ਕੁਲਵਿੰਦਰ ਕੌਰ) ਨੇ 10 ਵਿੱਚੋਂ 7.35 ਸੀਜੀਪੀਏ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਕਾਲਜ ਦਾ ਵੀ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਪਰਵਿੰਦਰ ਕੌਰ ਦੀ ਇਹ ਸ਼ਾਨਦਾਰ ਸਫਲਤਾ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਉਸ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਕਾਲਜ ਦੇ ਉੱਚ ਪੱਧਰੀ ਅਕਾਦਮਿਕ ਮਾਹੌਲ ਦਾ ਨਤੀਜਾ ਹੈ। ਡਾ. ਇੰਦੂ ਰੱਤੀ ਨੇ ਇਸ ਮੌਕੇ ਪਰਵਿੰਦਰ ਕੌਰ, ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪਰਵਿੰਦਰ ਕੌਰ ਨੇ ਹਮੇਸ਼ਾ ਆਪਣੀ ਅਕਾਦਮਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਨਾਲ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਹੁਣ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ 30 ਤੋਂ ਵੱਧ ਸਥਾਨ ਹਾਸਲ ਕਰ ਚੁੱਕਾ ਹੈ, ਜੋ ਵਿਭਾਗ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ, ਸਮਰਪਿਤ ਅਧਿਆਪਕਾਂ ਅਤੇ ਮਿਆਰੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਪਰਵਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਅੰਗਰੇਜ਼ੀ ਵਿਭਾਗ ਦੇ ਸਮੂਹ ਅਧਿਆਪਕ ਪ੍ਰੋ. ਕਿਸ਼ੋਰ ਕੁਮਾਰ, ਪ੍ਰੋ. ਪ੍ਰੀਤ ਕੰਵਲ, ਪ੍ਰੋ. ਓਂਕਾਰ ਸਿੰਘ ਸਿੱਧੂ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਸਨੀ ਅਮਰਿੰਦਰ ਸਿੰਘ ਵੀ ਹਾਜ਼ਰ ਸਨ।
ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ ਜੀਐਨਡੀਯੂ ਦੀ ਮੈਰਿਟ ਸੂਚੀ ਵਿੱਚ ਹਾਸਲ ਕੀਤਾ ਦੂਜਾ ਸਥਾਨ
