ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮਾਨਸਾ ਵਿੱਚ ਨਸ਼ਿਆਂ ਅਤੇ ਡਰੱਗ ਮਾਫੀਆ ਵਿਰੁੱਧ ਡਟ ਕੇ ਖੜ੍ਹਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਤਿੱਖਾ ਪ੍ਰੈੱਸ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟਾ ਦੇ ਕਤਲ ਨੇ ਪੰਜਾਬ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦਾ ਜਨਾਜ਼ਾ ਕੱਢ ਦਿੱਤਾ ਹੈ। ਜਦੋਂ ਨਸ਼ਾ ਤਸਕਰਾਂ ਵਿਰੁੱਧ ਲੜਨ ਵਾਲੇ ਬਹਾਦਰ ਨੌਜਵਾਨ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।

ਡਾ. ਕਰੀਮਪੁਰੀ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੀਆਂ ਸਾਰੀਆਂ ਮੰਗਾਂ ਬਿਨਾਂ ਕਿਸੇ ਦੇਰੀ ਦੇ ਮੰਨੀਆਂ ਜਾਣ ਅਤੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਸੂਬੇ ਦੀ ਮੌਜੂਦਾ ਬਰਬਾਦੀ ਲਈ ਜ਼ਿੰਮੇਵਾਰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਵਰਗੀਆਂ ਚਾਰਾਂ ਪਾਰਟੀਆਂ ਨੂੰ ਹੁਣ ਇੱਕ ਹੋਰ ਮੌਕਾ ਦੇਣ ਦਾ ਕੋਈ ਜਾਇਜ਼ ਕਾਰਨ ਬਚਦਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਇਨ੍ਹਾਂ ਚਾਰਾਂ ਪਾਰਟੀਆਂ ਨੂੰ ਨਕਾਰ ਦੇਣਾ ਚਾਹੀਦਾ ਹੈ।

ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨਾਲ ਜੁੜਨ ਦਾ ਸੱਦਾ ਦਿੰਦਿਆਂ ਡਾ. ਕਰੀਮਪੁਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚੋਂ ਡਰੱਗ ਮਾਫੀਆ ਦੀਆਂ ਜੜ੍ਹਾਂ ਪੁੱਟਣ ਅਤੇ ਮਾਵਾਂ ਦੇ ਪੁੱਤਰਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਉਣ ਲਈ ਬਸਪਾ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਪੂਰੀ ਤਾਕਤ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਭਰਪੂਰ ਆਸ਼ੀਰਵਾਦ ਅਤੇ ਸਮਰਥਨ ਦਿੱਤਾ ਜਾਵੇ, ਤਾਂ ਜੋ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਇਆ ਜਾ ਸਕੇ।