ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਸਾਰਾਗੜ੍ਹੀ ਫਾਊਂਡੇਸ਼ਨ (1987) ਦੇ ਸਮਝੌਤੇ ਅਨੁਸਾਰ, ਬ੍ਰਿਟਿਸ਼ ਆਰਮੀ ਦਾ ਚਾਰ ਮੈਂਬਰੀ ਵਫ਼ਦ 12 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇਗਾ, ਜਿਸ ਦੀ ਅਗਵਾਈ ਮੇਜਰ ਜਨਰਲ ਜੌਨ ਕੇਂਡਲ ਕਰਨਗੇ।

ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਬ੍ਰਿਟਿਸ਼ ਆਰਮੀ ਵਿਚਕਾਰ 2011 ਤੋਂ ਸਹਿਯੋਗ ਜਾਰੀ ਹੈ। ਇਸ ਸਹਿਯੋਗ ਰਾਹੀਂ ਸੰਸਥਾ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਜੰਗ ਬਾਰੇ ਪੂਰੀ ਦੁਨੀਆ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਹੀ ਹੈ।

13 ਨਵੰਬਰ ਦੀ ਸਵੇਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਆਰਮੀ ਦਾ ਵਫ਼ਦ ਸਾਰਾਗੜ੍ਹੀ ਮੈਮੋਰੀਅਲ ਅਤੇ ਗੋਲਡਨ ਗੇਟ ਪਹੁੰਚੇਗਾ। ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸੰਤ-ਸਿਪਾਹੀ ਐਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਹੋਣ ਵਾਲੇ ਸਾਰਾਗੜ੍ਹੀ ਸਮਾਗਮ ਦੌਰਾਨ ਸ਼ਹੀਦੀ ਗਾਥਾ ਦੀ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸੰਸਥਾ ਦੇ ਪ੍ਰਧਾਨ ਬ੍ਰਿਗੇਡੀਅਰ ਜਤਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੋਣ ਵਾਲੇ ਸਮਾਗਮਾਂ ਤੋਂ ਬਾਅਦ ਬ੍ਰਿਟਿਸ਼ ਵਫ਼ਦ ਚੰਡੀਗੜ੍ਹ ਵਿੱਚ ਹੋਣ ਵਾਲੇ 10ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਹਿੱਸਾ ਲਵੇਗਾ।

ਡਾ. ਜੋਸਨ ਅਨੁਸਾਰ, ਬ੍ਰਿਟਿਸ਼ ਆਰਮੀ ਦੀ ਫੀਲਡ ਫੋਰਸ ਦੇ ਮੌਜੂਦਾ ਡਿਪਟੀ ਕਮਾਂਡਰ ਮੇਜਰ ਜਨਰਲ ਜੌਨ ਕੇਂਡਲ 14 ਨਵੰਬਰ ਨੂੰ ਚੰਡੀਗੜ੍ਹ ਵਿੱਚ ਯੂਕਰੇਨ-ਰੂਸ ਜੰਗ ਨਾਲ ਸਬੰਧਤ ਪੈਨਲ ਵਿਚਾਰ-ਗੋਸ਼ਟੀ ਦੌਰਾਨ ਅਹਿਮ ਜਾਣਕਾਰੀ ਸਾਂਝੀ ਕਰਨਗੇ।