ਬੂਥਗੜ੍ਹ, 18 ਫ਼ਰਵਰੀ:- ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਆਯੂਸ਼ਮਾਨ ਅਰੋਗਿਆ ਕੇਂਦਰ ਪਲਹੇੜੀ ਮਿਆਰ ਪੱਖੋਂ ਕਈ ਪੈਮਾਨਿਆਂ ’ਤੇ ਖਰ੍ਹਾ ਉਤਰਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਭਾਰਤ ਸਰਕਾਰ ਦੇ ਨੈਸ਼ਨਲ ਕੁਆਲਟੀ ਅਸ਼ੋਰੰਸ ਸਟੈਂਡਰਡਜ਼ ਤਹਿਤ ਵੱਖ ਵੱਖ ਪੈਮਾਨਿਆਂ ’ਤੇ ਮੁਲਾਂਕਣ ਕੀਤਾ ਗਿਆ ਸੀ ਜਿਸ ਦੇ ਬੀਤੇ ਦਿਨੀਂ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦਸਿਆ ਕਿ ਨਤੀਜਿਆਂ ਮੁਤਾਬਕ ਪਲਹੇੜੀ ਕੇਂਦਰ ਨੂੰ 100 ਵਿਚੋਂ 90.82 ਅੰਕ ਮਿਲੇ ਹਨ। 
ਇਸੇ ਤਰ੍ਹਾਂ ਬੂਥਗੜ੍ਹ ਅਧੀਨ  ਆਯੁਸ਼ਮਾਨ ਅਰੋਗਿਆ ਕੇਂਦਰ ਭੜੌਂਜੀਆਂ ਨੂੰ 86.08 ਅੰਕ ਹਾਸਲ ਹੋਏ ਹਨ। ਉਨ੍ਹਾਂ ਦਸਿਆ ਕਿ ਕੇਂਦਰੀ ਟੀਮ ਵਲੋਂ ਇਨ੍ਹਾਂ ਸੰਸਥਾਵਾਂ ਦੇ ਵੱਖ ਵੱਖ ਪੈਮਾਨਿਆਂ ਦਾ ਮੁਲਾਂਕਣ ਕੀਤਾ ਗਿਆ ਸੀ ਜਿਨ੍ਹਾਂ ’ਚ ਮੁੱਖ ਤੌਰ ’ਤੇ ਸੰਸਥਾ ਦੀ ਇਮਾਰਤ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹਨ। 
ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਉਨ੍ਹਾਂ ਦੀ ਸੰਸਥਾ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ, ਜਿਨ੍ਹਾਂ ਦੀ ਯੋਗ ਅਗਵਾਈ ਅਤੇ ਮਿਹਨਤ ਸਦਕਾ ਇਸ ਸੰਸਥਾ ਨੂੰ ਇਹ ਅੰਕ ਮਿਲੇ ਹਨ। ਜ਼ਿਕਰਯੋਗ ਹੈ ਕਿ ਵਧੀਆ ਅੰਕਾਂ ਲਈ ਇਸ ਸੰਸਥਾ ਨੂੰ ਵਿੱਤੀ ਮਦਦ ਮਿਲੇਗੀ। ਇਸ ਮੌਕੇ ਨੋਡਲ ਅਫ਼ਸਰ ਡਾ. ਸਿਮਨਜੀਤ ਕੌਰ, ਸੀ.ਐਚ.ਓ. ਸੁਨੈਨਾ ਸ਼ਰਮਾ, ਏ.ਐਨ.ਐਮ. ਅਵਨੀਤ ਕੌਰ, ਰੇਨੂੰ ਸ਼ਰਮਾ ਅਤੇ ਸਿਹਤ ਵਰਕਰ ਰਘਬੀਰ ਸਿੰਘ ਵੀ ਮੌਜੂਦ ਸਨ।