ਨਵਾਂਸ਼ਹਿਰ - ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਵਲੋਂ ਸ਼ਹੀਦੇ-ਆਜ਼ਮ ਸ.ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਖੱਟਕੜ ਕਲਾਂ ਵਿਖੇ ਜਿਲਾ ਪੱਧਰੀ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਪਾਰਟੀ ਦੇ ਜਿਲਾ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਗੁਰਦੁਆਰਾ ਝੰਡਾ ਜੀ ਦੇ ਗੇਟ ਕੋਲ ਕੀਤੀ ਜਾ ਰਹੀ ਇਸ ਸਿਆਸੀ ਕਾਨਫਰੰਸ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖੱਟਕੜ, ਜਿਲਾ ਆਗੂ ਦਲਜੀਤ ਸਿੰਘ ਐਡਵੋਕੇਟ ਅਤੇ ਹੋਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਨਾਟਕ ਟੀਮ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਕੁਲਵਿੰਦਰ ਸਿੰਘ ਵੜੈਚ ਨੇ ਅੱਗੇ ਕਿਹਾ ਕਿ ਪੂੰਜੀਵਾਦੀ ਸਿਆਸੀ ਪਾਰਟੀਆਂ ਸੱਤਾ ਵਿਚ ਆਉਣ ਅਤੇ ਸੱਤਾ ਵਿਚ ਬਣੇ ਰਹਿਣ ਲਈ ਭਗਤ ਸਿੰਘ ਦਾ ਨਾਂਅ ਵਰਤਦੀਆਂ ਹਨ ਪਰ ਅਮਲ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਕਰਦੀਆਂ ਹਨ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਸੁਫਨੇ ਅਜੇ ਪੂਰੇ ਨਹੀਂ ਹੋਏ ਇਸਦੇ ਲਈ ਉਹਨਾਂ ਦੀ ਵਿਚਾਰਧਾਰਾ ਉੱਤੇ ਪਹਿਰਾ ਦੇਣਾ ਹੋਵੇਗਾ।
ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਸੀ.ਪੀ.ਆਈ(ਐਮ.ਐਲ) ਵਲੋਂ ਖੱਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ
