ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਨਿੱਕੀਆਂ ਕਰੂੰਬਲਾਂ ਬੱਚਿਆਂ ਲਈ ਇੱਕ ਨਰੋਏ ਅਤੇ ਨਿਵੇਕਲੇ ਮੰਚ ਵਜੋਂ ਸਥਾਪਿਤ ਹੋ ਚੁੱਕੀ ਹੈ। ਇਹ ਵਿਚਾਰ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨਰੂਲਾ ਨੇ ‘ਨਿੱਕੀਆਂ ਕਰੂੰਬਲਾਂ’ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ‘ਨਿੱਕੀਆਂ ਕਰੂੰਬਲਾਂ’ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਪਿਛਲੇ 35 ਸਾਲਾਂ ਤੋਂ ਦੂਰਦਰਸ਼ਨ ਕੇਂਦਰ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹਨ। ਇਸ ਲਈ ਦੂਰਦਰਸ਼ਨ ਕੇਂਦਰ ਅਤੇ ‘ਨਿੱਕੀਆਂ ਕਰੂੰਬਲਾਂ’ ਵਿਚਕਾਰ ਇਹ ਵਿਚਾਰ-ਚਰਚਾ ਹੋਣਾ ਸੁਭਾਵਿਕ ਹੈ।
ਉਨ੍ਹਾਂ ਕਿਹਾ ਕਿ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸ਼ਾਮਲ ਹੋਣ ਵਾਲਾ ਇਹ ਪੰਜਾਬੀ ਦਾ ਇਕਲੌਤਾ ਬਾਲ ਰਸਾਲਾ ਹੈ। ਇੱਕ ਵਿਅਕਤੀ ਵੱਲੋਂ ਦਹਾਕਿਆਂ ਤੱਕ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਹੀ ‘ਨਿੱਕੀਆਂ ਕਰੂੰਬਲਾਂ’ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੋ ਰਹੀ ਹੈ।
ਨਿਰਮਾਤਾ-ਨਿਰਦੇਸ਼ਕ ਸੁਖਵਿੰਦਰ ਕੁਮਾਰ ਅਤੇ ਪੰਕਜ ਨੇ ਕਿਹਾ ਕਿ ਇਸ ਰਸਾਲੇ ਵਿੱਚ ਸਿਰਫ਼ ਬਾਲ ਪਾਠਕਾਂ ਲਈ ਹੀ ਕੀਮਤੀ ਜਾਣਕਾਰੀ ਉਪਲਬਧ ਨਹੀਂ ਹੈ, ਸਗੋਂ ਹਰ ਉਮਰ ਵਰਗ ਦੇ ਪਾਠਕਾਂ ਨੂੰ ਮਨੋਰੰਜਕ ਢੰਗ ਨਾਲ ਸਿੱਖਿਅਤ ਕੀਤਾ ਜਾ ਰਿਹਾ ਹੈ ਅਤੇ ਸਮਾਜ ਦੇ ਹਿੱਤ ਵਿੱਚ ਯੋਗਦਾਨ ਪਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਦਿਨੇਸ਼ ਦਮਥੀਆ ਨੇ ‘ਨਿੱਕੀਆਂ ਕਰੂੰਬਲਾਂ’ ਦੇ ਰੰਗਦਾਰ ਪ੍ਰਕਾਸ਼ਿਤ 31ਵੇਂ ਵਿਸ਼ੇਸ਼ ਅੰਕ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਇਹ ਅੰਕ ਜਿੱਥੇ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ, ਉੱਥੇ ਹੀ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਇਸ ਵਿੱਚ ਪਿਛਲੀ ਅੱਧੀ ਸਦੀ ਦੇ ਬਾਲ ਸਾਹਿਤ ਦੇ ਇਤਿਹਾਸ ਅਤੇ ਮੌਜੂਦਾ ਹਾਲਾਤਾਂ ਨੂੰ ਮਾਹਿਰ ਲੇਖਕਾਂ ਵੱਲੋਂ ਘੋਖਿਆ ਗਿਆ ਹੈ।
‘ਨਿੱਕੀਆਂ ਕਰੂੰਬਲਾਂ’ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਬਾਲ ਰਸਾਲਿਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਰਸਾਲੇ ਦੇ ਸੰਪਾਦਕ ਅਤੇ ਉੱਘੇ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਕਾਰਜਾਂ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ। ਬੱਚੇ ਸਰਕਾਰਾਂ ਦੇ ਏਜੰਡੇ ’ਤੇ ਇਸ ਲਈ ਨਹੀਂ ਹਨ ਕਿਉਂਕਿ ਉਹ ਅਜੇ ਵੋਟਰ ਨਹੀਂ ਹਨ, ਜਦਕਿ ਦੇਸ਼ ਅਤੇ ਕੌਮ ਦਾ ਭਵਿੱਖ ਉਨ੍ਹਾਂ ਦੇ ਹੱਥਾਂ ਵਿੱਚ ਹੈ।
ਉਨ੍ਹਾਂ ਕਿਹਾ, “ਜੇਕਰ ਸਾਡੀਆਂ ਜੜ੍ਹਾਂ ਨਰੋਈਆਂ ਹੋਣਗੀਆਂ ਤਾਂ ਉਹ ਤਾਕਤਵਰ ਅਤੇ ਨਰੋਏ ਰੁੱਖ ਬਣ ਕੇ ਦੇਸ਼ ਨੂੰ ਠੰਢੀ ਛਾਂ ਦੇਣਗੀਆਂ।”
ਮੰਚ ਸੰਚਾਲਿਕਾ ਨੀਤੂ ਨੇ ਬਾਲ ਸਾਹਿਤ ਦੇ ਇਤਿਹਾਸਕ ਪੰਨਿਆਂ ’ਤੇ ਨਜ਼ਰ ਮਾਰਦਿਆਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਪੰਜਾਬ ਵਿੱਚ ਕੋਈ ਨਵਾਂ ਰਸਾਲਾ ਸ਼ੁਰੂ ਨਹੀਂ ਹੋਇਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀਆਂ ਦਾ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਮੋਹ ਘਟਦਾ ਜਾ ਰਿਹਾ ਹੈ।
ਇਸ ਮੌਕੇ ਪ੍ਰੋਡਿਊਸਰ ਕੀਮਤੀ ਲਾਲ, ਮਰੀਦੁਲ ਮੋਹਨ, ਧਰਮਪਾਲ ਠਾਕੁਰ, ਪ੍ਰੋਡਿਊਸਰ ਸੁਚੱਜਤਾ, ਐਂਕਰ ਬਰਨ ਕੌਰ ਮਾਨ, ਡਾ. ਹਰਪ੍ਰੀਤ ਕੌਰ, ਸੁਨੀਤਾ ਭੱਲਾ, ਗੀਤਕਾਰ ਰੂਪਾ ਮਿੱਠਾਪੁਰੀਆ, ਹਰਵੀਰ ਮਾਨ, ਸੁਖਮਨ ਸਿੰਘ, ਮਨਜਿੰਦਰ ਹੀਰ, ਮਨਜੀਤ ਕੌਰ, ਹਰਮਨਪ੍ਰੀਤ ਕੌਰ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।
