ਪਟਿਆਲਾ:- ਸਰਕਾਰੀ ਆਈ ਟੀ ਆਈ ਮਾਡਲ ਟਾਊਨ ਪਟਿਆਲਾ ਦੇ ਐਨ ਸੀ ਸੀ ਕੈਡਿਟਾਂ ਨੂੰ ਰਾਸ਼ਟਰੀ ਹਲਕਾਅ ਦਿਵਸ ਮੌਕੇ ਬਚਾਅ ਅਤੇ ਬਚਾਉਣ ਦੀ ਜਾਣਕਾਰੀ ਦੇਣ ਲਈ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ ਸ਼੍ਰੀਮਤੀ ਦਿਪਾਲੀ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਫਸਟ ਏਡ, ਸੇਫਟੀ, ਸਿਹਤ ਅਤੇ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਹਲਕਾਅ ਕਾਰਨ ਦੇਸ਼ ਵਿੱਚ 12 ਲੱਖ ਤੋਂ ਵੱਧ ਲੋਕਾਂ, ਬੱਚਿਆਂ ਅਤੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ।
ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਦੁਨੀਆ ਵਿੱਚ ਹਲਕਾਅ ਹੋਣ ਮਗਰੋਂ ਇਲਾਜ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਜਾਨਵਰ ਦੇ ਕੱਟਣ, ਚੱਟਣ ਜਾਂ ਉਨ੍ਹਾਂ ਦੇ ਸਲਾਇਵਾ ਜਾਂ ਨਹੁੰਆਂ ਰਾਹੀਂ ਹਲਕਾਅ ਹੋ ਸਕਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਲਾਜ ਅਤੇ ਫਸਟ ਏਡ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਜਖ਼ਮ ਨੂੰ 10 ਵਾਰੀ ਸਾਫ਼ ਪਾਣੀ ਅਤੇ ਸਾਬਣ ਨਾਲ ਸਾਫ਼ ਕਰਕੇ ਡਾਕਟਰਾਂ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਅਤੇ ਪਾਲੇ ਹੋਏ ਜਾਨਵਰਾਂ ਨੂੰ ਹਰ ਸਾਲ ਟੀਕੇ ਲਗਵਾਉਣੇ ਜ਼ਰੂਰੀ ਹਨ।
ਲੈਫਟੀਨੈਂਟ ਜਗਦੀਸ਼ ਸਿੰਘ ਜੋਸ਼ੀ ਅਤੇ ਲੈਕਚਰਾਰ ਸੁਖਦੇਵ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ, ਸਿਹਤ, ਤੰਦਰੁਸਤੀ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਦੀਆਂ ਟ੍ਰੇਨਿੰਗਾਂ, ਅਭਿਆਸ ਅਤੇ ਜਾਣਕਾਰੀ ਹੀ ਭਵਿੱਖ ਵਿੱਚ ਬਚਣ-ਬਚਾਉਣ ਲਈ ਮਦਦਗਾਰ ਸਿੱਧ ਹੋਣਗੇ। ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਇਹ ਜਾਣਕਾਰੀ ਆਪਣੇ ਪਿੰਡਾਂ ਅਤੇ ਮੁਹੱਲਿਆਂ ਵਿਖੇ ਜ਼ਰੂਰ ਦਿੱਤੀ ਜਾਵੇ।
