ਅੰਬਾਲਾ, 16 ਨਵੰਬਰ (ਆਰ.ਸਿੰਘ):- ਅੰਬਾਲਾ ਸ਼ਹਿਰ ਦੇ ਮਾਨਵ ਚੌਕ 'ਤੇ ਸਥਿਤ ਨਰੂਲਾ ਡੇਅਰੀ ਦੇ ਨਾਲ ਲੱਗਦੇ ਨਰੂਲਾ ਜਨਰਲ ਸਟੋਰ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਵੇਰੇ 7 ਵਜੇ ਦੇ ਕਰੀਬ ਦੁਕਾਨ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ ਜੋ ਤੇਜ਼ੀ ਨਾਲ ਭਿਆਨਕ ਅੱਗ ਵਿੱਚ ਬਦਲ ਗਿਆ। ਅੱਗ ਨੇ ਅੰਦਰਲੇ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧੂੰਆਂ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਦੁਕਾਨ ਮਾਲਕ ਦੇ ਰਿਸ਼ਤੇਦਾਰ ਪੂਰਨ ਨਰੂਲਾ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੁਕਾਨ ਉਨ੍ਹਾਂ ਦੇ ਭਤੀਜੇ ਜੌਨੀ ਦੀ ਹੈ। ਸਵੇਰੇ ਦੁਕਾਨ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ ਜਿਸ ਤੋਂ ਬਾਅਦ ਤੁਰੰਤ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। 10 ਮਿੰਟਾਂ ਦੇ ਅੰਦਰ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਕਰਮਚਾਰੀ ਅੱਗ ਬੁਝਾਉਣ ਵਿਚ ਜੁੱਟ ਪਏ। ਅੱਗ ਕਾਫ਼ੀ ਫੈਲ ਗਈ ਸੀ ਜਿਸ ਕਾਰਨ ਇਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਸੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ।
ਅੱਗ ਨਾਲ ਦੁਕਾਨ ਵਿੱਚ ਸਟੋਰ ਕੀਤੀ ਸਟੇਸ਼ਨਰੀ ਅਤੇ ਹੋਰ ਜ਼ਰੂਰੀ ਸਮਾਨ ਸੜ ਗਿਆ। ਮੁੱਢਲੀ ਜਾਣਕਾਰੀ ਅਨੁਸਾਰ, ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਨੁਕਸਾਨ ਦਾ ਸਹੀ ਅੰਦਾਜ਼ਾ ਸੜੇ ਹੋਏ ਸਮਾਨ ਦੀ ਜਾਂਚ ਕਰਨ ਤੋਂ ਬਾਅਦ ਹੀ ਲੱਗ ਸਕੇਗਾ। ਖ਼ੁਸ਼ਕਿਸਮਤੀ ਨਾਲ ਇਸ ਅੱਗ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰਫਾਈਟਰਾਂ ਦੀ ਸਖ਼ਤ ਮਿਹਨਤ ਨੇ ਅੱਗ ਨੂੰ ਗੁਆਂਢੀ ਦੁਕਾਨਾਂ ਤੱਕ ਫੈਲਣ ਤੋਂ ਰੋਕੀ ਰੱਖਿਆ। ਅੱਗ ਲੱਗਣ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
