ਨਵੀਂ ਦਿੱਲੀ:- ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ "ਸਮਝੌਤਾ" ਕਰਨ ਦਾ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਤਿੱਖੀ ਤਕਰਾਰ ਹੋ ਗਈ।
ਕਾਂਗਰਸੀ ਸੰਸਦ ਮੈਂਬਰ ਸੰਸਦ ਦੇ ਬਾਹਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਇਕੱਠੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਸੀ "PM is compromised"।  ਇਹ ਪ੍ਰਦਰਸ਼ਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਇੱਕ ਦਿਨ ਪਹਿਲਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਮੀਡੀਆ ਸਾਹਮਣੇ ਕੀਤੇ ਗਏ ਦਾਅਵਿਆਂ ਨੂੰ ਦੁਹਰਾਉਣ ਲਈ ਕੀਤਾ ਗਿਆ ਸੀ।
ਇਸ ਦੌਰਾਨ ਜਦੋਂ ਰੇਲ ਰਾਜ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਦੇ ਕੋਲੋਂ ਲੰਘੇ,ਤਾਂ ਰਾਹੁਲ ਗਾਂਧੀ ਨੇ ਉਨ੍ਹਾਂ(ਬਿੱਟੂ) ਵੱਲ ਇਸ਼ਾਰਾ ਕਰਦਿਆਂ "ਗੱਦਾਰ ਦੋਸਤ" ਕਿਹਾ। ਗਾਂਧੀ ਨੇ ਫਿਰ ਵਿਅੰਗਮਈ ਢੰਗ ਨਾਲ ਬਿੱਟੂ ਵੱਲ ਹੱਥ ਵਧਾਇਆ ਅਤੇ ਕਿਹਾ ਕਿ ਉਹ ਆਖਿਰਕਾਰ ਕਾਂਗਰਸ ਵਿੱਚ ਵਾਪਸ ਆਉਣਗੇ।
ਬਿੱਟੂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿੱਚ ਜਵਾਬ ਦਿੰਦਿਆਂ ਗਾਂਧੀ 'ਤੇ ਦੇਸ਼ ਦੇ ਖ਼ਿਲਾਫ਼ ਹੋਣ ਦਾ ਦੋਸ਼ ਲਾਇਆ।  ਦੋਵਾਂ ਨੂੰ ਕੁਝ ਦੇਰ ਲਈ ਤਿੱਖੇ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰਦੇ ਦੇਖਿਆ ਗਿਆ। ਇਸ ਜ਼ਬਾਨੀ ਜੰਗ ਨੇ ਪ੍ਰਦਰਸ਼ਨ ਦੇ ਮਾਹੌਲ ਨੂੰ ਹੋਰ ਗਰਮਾ ਦਿੱਤਾ।
ਇਹ ਟਕਰਾਅ ਲੋਕ ਸਭਾ ਵਿੱਚ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਅੱਠ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਹੋਇਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਗੁਰਜੀਤ ਸਿੰਘ ਔਜਲਾ, ਹਿਬੀ ਈਡਨ, ਡੀਨ ਕੁਰੀਆਕੋਸ, ਅਮਰਿੰਦਰ ਸਿੰਘ ਰਾਜਾ ਵੜਿੰਗ, ਬੀ ਮਾਣਿਕਮ ਟੈਗੋਰ, ਡਾ. ਪ੍ਰਸ਼ਾਂਤ ਯਾਦਵਰਾਓ ਪਡੋਲੇ, ਚਾਮਲਾ ਕਿਰਨ ਕੁਮਾਰ ਰੈਡੀ ਅਤੇ ਐਸ ਵੈਂਕਟੇਸ਼ਨ ਸ਼ਾਮਲ ਹਨ।