ਊਨਾ, 27 ਅਕਤੂਬਰ:- ਸੁਨਹਿਰੀ ਹਰੋਲੀ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸੰਕਲਪ ਨਾਲ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਮੰਗਲਵਾਰ ਨੂੰ ਹਰੋਲੀ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਉਸਾਰੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਾਰੇ ਪ੍ਰਾਜੈਕਟਾਂ ਵਿੱਚ ਉੱਚ ਗੁਣਵੱਤਾ ਯਕੀਨੀ ਬਣਾਉਣ ਦੇ ਨਾਲ-ਨਾਲ ਨਿਰਧਾਰਤ ਸਮਾਂ-ਸੀਮਾ ਅੰਦਰ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੋਲੀ ਵਿੱਚ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ, ਨੌਜਵਾਨਾਂ ਨੂੰ ਖੇਡ ਸਹੂਲਤਾਂ ਦੇਣ ਅਤੇ ਖੇਤਰ ਦੀ ਆਵਾਜਾਈ ਤੇ ਸੰਪਰਕ ਵਿਵਸਥਾ ਬਿਹਤਰ ਬਣਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।

ਉਪ ਮੁੱਖ ਮੰਤਰੀ ਨੇ ਸਰਕਾਰੀ ਕਾਲਜ ਖੱਡ ਵਿੱਚ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇੰਡੋਰ ਸਟੇਡੀਅਮ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਉਸਾਰੀ ਕਾਰਜ ਮੁਕੰਮਲ ਕਰਨ ਲਈ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਹਰੋਲੀ ਵਿੱਚ ਵਿਕਾਸ ਦਾ ਮਕਸਦ ਸਿਰਫ਼ ਇਮਾਰਤਾਂ ਅਤੇ ਸੜਕਾਂ ਬਣਾਉਣਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਵੀ ਹੈ। ਖੇਤਰ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਥਾਵਾਂ ’ਤੇ ਖੇਡ ਮੈਦਾਨਾਂ ਵਿੱਚ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਖੱਡ ਵਿੱਚ ਫੁੱਟਬਾਲ ਸਮੇਤ ਹੋਰ ਖੇਡਾਂ ਲਈ 50 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਨਗੜੋਲੀ ਅਤੇ ਬੀਟਨ ਵਿੱਚ ਵੀ 50-50 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਵਾਈਆਂ ਗਈਆਂ ਹਨ, ਜਦਕਿ ਨੰਗਲ ਖੁਰਦ ਵਿੱਚ ਵੀ 50 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਖਿਡਾਰੀਆਂ ਨੂੰ ਸ਼ਾਮ ਅਤੇ ਰਾਤ ਵੇਲੇ ਵੀ ਅਭਿਆਸ ਕਰਨ ਅਤੇ ਮੈਚ ਖੇਡਣ ਦੀ ਸਹੂਲਤ ਮਿਲੇਗੀ।


ਸਵਾਂ ਨਦੀ ’ਤੇ ਬਣ ਰਹੇ ਪੁਲਾਂ ਨਾਲ ਸੰਪਰਕ ਵਿਵਸਥਾ ਹੋਵੇਗੀ ਮਜ਼ਬੂਤ

ਉਪ ਮੁੱਖ ਮੰਤਰੀ ਨੇ ਸਵਾਂ ਨਦੀ ’ਤੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਘਾਲੂਵਾਲ-ਝਲੇੜਾ ਪੁਲ ਅਤੇ ਪੰਡੋਗਾ-ਤਿਊੜੀ ਪੁਲ ਦੇ ਉਸਾਰੀ ਕਾਰਜਾਂ ਦਾ ਵੀ ਨਿਰੀਖਣ ਕੀਤਾ। ਇਨ੍ਹਾਂ ਪੁਲਾਂ ਦੇ ਬਣਨ ਨਾਲ ਖੇਤਰ ਵਿੱਚ ਆਵਾਜਾਈ ਸੁਖਾਲੀ ਹੋਵੇਗੀ, ਵੱਖ-ਵੱਖ ਪਿੰਡਾਂ ਵਿਚਕਾਰ ਸੰਪਰਕ ਬਿਹਤਰ ਹੋਵੇਗਾ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਅਧਿਕਾਰੀਆਂ ਨੂੰ ਉਸਾਰੀ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਪ੍ਰਾਜੈਕਟ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਘਾਲੂਵਾਲ-ਝਲੇੜਾ ਪੁਲ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 1960 ਦੇ ਦਹਾਕੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਘਾਲੂਵਾਲ ਵਿਖੇ ਪੁਲ ਬਣਵਾਇਆ ਗਿਆ ਸੀ। ਲਗਭਗ ਛੇ ਦਹਾਕਿਆਂ ਬਾਅਦ ਇੱਥੇ ਨਵੇਂ ਪੁਲ ਦੀ ਉਸਾਰੀ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਪੁਲ ਹਰੋਲੀ-ਰਾਮਪੁਰ ਅਤੇ ਪੰਡੋਗਾ-ਤਿਊੜੀ ਪੁਲਾਂ ਦੇ ਨਾਲ ਖੇਤਰ ਦੀ ਸੰਪਰਕ ਵਿਵਸਥਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਵਿੱਚ ਸਹਾਇਕ ਹੋਵੇਗਾ।


ਪੰਜਾਵਰ ਵਿੱਚ 8.5 ਕਰੋੜ ਦੀ ਲਾਗਤ ਨਾਲ ਬਣ ਰਿਹਾ ਸਹਿਕਾਰਤਾ ਸਿਖਲਾਈ ਕੇਂਦਰ

ਮੁਕੇਸ਼ ਅਗਨੀਹੋਤਰੀ ਨੇ ਪੰਜਾਵਰ ਵਿੱਚ ਲਗਭਗ 8.5 ਕਰੋੜ ਰੁਪਏ ਦੀ ਲਾਗਤ ਨਾਲ ਮੀਆਂ ਹੀਰਾਂ ਸਿੰਘ ਦੇ ਨਾਂ ’ਤੇ ਬਣ ਰਹੇ ਸਹਿਕਾਰਤਾ ਸਿਖਲਾਈ ਕੇਂਦਰ ਅਤੇ ਕਮਿਊਨਿਟੀ ਸੈਂਟਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਉਸਾਰੀ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਇਸ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਹਿਕਾਰਤਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀ ਮਹਾਨ ਸ਼ਖ਼ਸੀਅਤ ਦੇ ਨਾਂ ’ਤੇ ਸੰਸਥਾ ਦੀ ਉਸਾਰੀ ਨਾਲ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਨ ਦਾ ਮੌਕਾ ਮਿਲੇਗਾ ਅਤੇ ਸਹਿਕਾਰਤਾ ਲਹਿਰ ਨੂੰ ਵੀ ਮਜ਼ਬੂਤੀ ਮਿਲੇਗੀ।


ਧਾਰਮਿਕ ਸਮਾਗਮ ਵਿੱਚ ਵੀ ਹੋਏ ਸ਼ਾਮਲ

ਵਿਕਾਸ ਪ੍ਰਾਜੈਕਟਾਂ ਦੇ ਨਿਰੀਖਣ ਦੌਰਾਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਖੱਡ ਸਥਿਤ ਸੰਤੋਸ਼ੀ ਮਾਤਾ ਮੰਦਰ ਵਿੱਚ ਕਰਵਾਏ ਗਏ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਥਾ ਵਿਆਸ ਆਚਾਰੀਆ ਤਰੁਣ ਡੋਗਰਾ ਦੇ ਮੁਖਾਰਬਿੰਦ ਤੋਂ ਸ੍ਰੀਮਦ ਭਾਗਵਤ ਕਥਾ ਸੁਣੀ ਅਤੇ ਪ੍ਰਭੂ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਖੇਤਰ ਦੇ ਲੋਕਾਂ ਦੀ ਖੁਸ਼ਹਾਲੀ, ਸਮ੍ਰਿੱਧੀ ਅਤੇ ਮੰਗਲਮਈ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਸਫਲ ਸਮਾਗਮ ਲਈ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਖੱਡ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।