ਪਟਿਆਲਾ, 19 ਨਵੰਬਰ (ਮਨਪ੍ਰੀਤ ਸਿੰਘ):- ਅੱਜ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹੋਈ। ਇਸ ਵਿੱਚ ਵੱਖ-ਵੱਖ ਡਿਪੂਆਂ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਲੰਮੇ ਸਮੇਂ ਤੋਂ ਬਕਾਇਆਂ ਦੀ ਅਦਾਇਗੀ ਨਾ ਹੋਣ ਕਾਰਨ ਇਹ ਮੀਟਿੰਗ ਰੋਸ ਰੈਲੀ ਦਾ ਰੂਪ ਧਾਰ ਗਈ। ਹਰ ਡਿਪੂ ਦੇ ਬੁਲਾਰੇ ਨੇ ਅਦਾਰੇ ਵਿੱਚ ਲੰਮੇ ਸਮੇਂ ਤੋਂ ਪਏ ਬਕਾਇਆਂ ਦੀ ਅਦਾਇਗੀ ਨਾ ਕੀਤੇ ਜਾਣ ’ਤੇ ਰੋਸ ਪ੍ਰਗਟ ਕੀਤਾ।
ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਮੈਨੇਜਮੈਂਟ ਨਾਲ ਵਾਰ-ਵਾਰ ਹੋਈਆਂ ਮੀਟਿੰਗਾਂ ਵਿੱਚ ਐਸੋਸੀਏਸ਼ਨ ਵੱਲੋਂ 2016 ਦੇ ਗਰੇਡਾਂ ਦੇ ਬਕਾਇਆਂ, ਪਿਛਲੇ ਦੋ ਸਾਲਾਂ ਤੋਂ ਲੰਬਿਤ ਮੈਡੀਕਲ ਬਿੱਲਾਂ ਦੀ ਅਦਾਇਗੀ ਅਤੇ ਨਵੇਂ ਰਿਟਾਇਰ ਹੋਏ ਮੁਲਾਜ਼ਮਾਂ ਦੇ ਪੈਨਸ਼ਨ ਲਾਭਾਂ ਦੀ ਅਦਾਇਗੀ ਦੇ ਮੁੱਦੇ ਲਗਾਤਾਰ ਉਠਾਏ ਗਏ ਹਨ। ਪਰ ਮੈਨੇਜਮੈਂਟ ਵੱਲੋਂ ਹਰ ਵਾਰ ਜਲਦੀ ਅਦਾਇਗੀ ਕਰਨ ਦਾ ਭਰੋਸਾ ਹੀ ਦਿੱਤਾ ਜਾਂਦਾ ਰਿਹਾ, ਪਰ ਹਾਲਾਤ ਉੱਥੇ ਦੇ ਉੱਥੇ ਹੀ ਰਹੇ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀ ਹੋਰ ਕੋਈ ਮੰਗ ਨਹੀਂ ਹੈ, ਉਹ ਸਿਰਫ਼ ਆਪਣੇ ਬਕਾਏ ਮੰਗ ਰਹੇ ਹਨ, ਜੋ ਉਨ੍ਹਾਂ ਦਾ ਹੱਕ ਹੈ। ਇਸ ਦੇ ਬਾਵਜੂਦ ਮੈਨੇਜਮੈਂਟ ਜਾਣਬੁੱਝ ਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਟਕਾ ਰਹੀ ਹੈ।
ਜਨਰਲ ਸਕੱਤਰ ਹਰੀ ਸਿੰਘ ‘ਚਮਕ’ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਹੁਤ ਸਾਰੇ ਪੈਨਸ਼ਨਰ ਆਪਣੇ ਬਕਾਇਆਂ ਦੀ ਉਡੀਕ ਕਰਦੇ-ਕਰਦੇ ਆਪਣੀਆਂ ਪਤਨੀਆਂ ਸਮੇਤ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਮੈਨੇਜਮੈਂਟ ਉਨ੍ਹਾਂ ਦੇ ਬਕਾਇਆਂ ਦੀ ਰਕਮ ਰੱਬ ਕੋਲ ਕੋਰੀਅਰ ਕਰੇਗੀ ਜਾਂ ਉਨ੍ਹਾਂ ਦੀ ਰਕਮ ਵੱਟੇ ਖਾਤੇ ਹੀ ਪਾ ਦਿੱਤੀ ਜਾਵੇਗੀ? ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲ ਅਦਾਰੇ ਨੂੰ ਸਮਰਪਿਤ ਕਰਨ ਤੋਂ ਬਾਅਦ ਹੁਣ ਆਰਾਮ ਕਰਨ ਦੀ ਉਮਰ ਵਿੱਚ ਵੀ ਪੈਨਸ਼ਨਰਾਂ ਨੂੰ ਅਦਾਇਗੀਆਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਪੈਨਸ਼ਨਰ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਮੰਜਿਆਂ ’ਤੇ ਪਏ ਆਪਣੀਆਂ ਅਦਾਇਗੀਆਂ ਦੀ ਉਡੀਕ ਕਰ ਰਹੇ ਹਨ, ਪਰ ਮੈਨੇਜਮੈਂਟ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਧੰਨਵਾਦੀ ਭਾਸ਼ਣ ਦੌਰਾਨ ਚੇਅਰਮੈਨ ਮੁਕੰਦ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਅਸੀਂ ਮੈਨੇਜਮੈਂਟ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਹਾਂ, ਪਰ ਮੈਨੇਜਮੈਂਟ ਸ਼ਾਇਦ ਸਾਡੇ ਸਹਿਯੋਗ ਨੂੰ ਸਾਡੀ ਕਮਜ਼ੋਰੀ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਅਦਾਇਗੀਆਂ ਬਾਰੇ ਵਾਰ-ਵਾਰ ਭਰੋਸੇ ਦੇ ਕੇ ਫਿਰ ਟਾਲਮਟੋਲ ਕਰ ਜਾਂਦੀ ਹੈ, ਜਿਸ ਦੀ ਐਸੋਸੀਏਸ਼ਨ ਨਿਖੇਧੀ ਕਰਦੀ ਹੈ। ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੈਨਸ਼ਨਰਾਂ ਨੂੰ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਘਿਓ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤਾਂ ਸਾਨੂੰ ਟੇਢੀ ਉਂਗਲ ਕਰਨੀ ਵੀ ਆਉਂਦੀ ਹੈ ਅਤੇ ਇਸ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਅੰਤ ਵਿੱਚ ਉਨ੍ਹਾਂ ਸਮੁੱਚੇ ਪੈਨਸ਼ਨਰਾਂ ਨੂੰ ਆਪਣਾ ਏਕਾ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਮੀਟਿੰਗ ਨੂੰ ਕੇਂਦਰੀ ਬਾਡੀ ਦੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਲੁਧਿਆਣਾ ਡਿਪੂ ਤੋਂ ਬਚਿੱਤਰ ਸਿੰਘ, ਕਪੂਰਥਲਾ ਤੋਂ ਗੁਰਮੀਤ ਸਿੰਘ, ਬਠਿੰਡਾ ਤੋਂ ਸੁਖਜੀਤ ਸਿੰਘ ਅਤੇ ਪ੍ਰੀਤਮ ਸਿੰਘ ਬਰਾੜ, ਬਰਨਾਲਾ ਤੋਂ ਜਨਕ ਰਾਜ, ਬੁਢਲਾਡਾ ਤੋਂ ਹਾਕਮ ਸਿੰਘ, ਫਰੀਦਕੋਟ ਤੋਂ ਜਲੌਰ ਸਿੰਘ, ਸੰਗਰੂਰ ਤੋਂ ਉਪਕਾਰ ਸਿੰਘ, ਪਟਿਆਲਾ ਤੋਂ ਜੋਗਿੰਦਰ ਸਿੰਘ ਅਤੇ ਚੰਡੀਗੜ੍ਹ ਤੋਂ ਹਰਭਜਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਕੇਂਦਰੀ ਬਾਡੀ ਦੇ ਕੈਸ਼ੀਅਰ ਅਮੋਲਕ ਸਿੰਘ, ਦਫ਼ਤਰ ਸਕੱਤਰ ਬਖਸ਼ੀਸ਼ ਸਿੰਘ, ਬਲਵੀਰ ਸਿੰਘ ਬੁੱਟਰ, ਗੁਰਦੀਪ ਸਿੰਘ, ਪਟਿਆਲਾ ਡਿਪੂ ਦੇ ਜਨਰਲ ਸਕੱਤਰ ਸੂਰਜ ਭਾਨ, ਪਟਿਆਲਾ ਡਿਪੂ ਦੇ ਕੈਸ਼ੀਅਰ ਬਲਵੰਤ ਸਿੰਘ, ਮਨਜੀਤ ਸਿੰਘ, ਰਮੇਸ਼ਵਰ ਦਿਆਲ, ਲਲਕਾਰ ਸਿੰਘ ਟਿਵਾਣਾ, ਦਵਿੰਦਰ ਸਿੰਘ ਟਿਵਾਣਾ, ਬਲਰਾਜ ਸਿੰਘ ਟਿਵਾਣਾ, ਨਿਰਪਾਲ ਸਿੰਘ ਵਾਸਣ ਅਤੇ ਭੋਲਾ ਸਿੰਘ ਡੰਡੋਆ ਨੇ ਭਰਪੂਰ ਯੋਗਦਾਨ ਪਾਇਆ। ਸਟੇਜ ਦੀ ਜ਼ਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।
