ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਨਵੰਬਰ:- ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ .32 ਬੋਰ ਦੇ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਕਾਰਵਾਈ ਐਸਐਸਪੀ ਸ੍ਰੀ ਵਰੁਣ ਸ਼ਰਮਾ, ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਪੀ (ਆਪਰੇਸ਼ਨ) ਸ੍ਰੀ ਅਕਾਸ਼ਦੀਪ ਔਲਖ, ਐਸਪੀ (ਇਨਵੈਸਟੀਗੇਸ਼ਨ) ਸ੍ਰੀ ਸੌਰਵ ਜਿੰਦਲ ਅਤੇ ਡੀਐਸਪੀ (ਇਨਵੈਸਟੀਗੇਸ਼ਨ) ਸ੍ਰੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਆਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਵੱਲੋਂ ਕੀਤੀ ਗਈ।

ਪੁਲਿਸ ਅਨੁਸਾਰ, 20 ਨਵੰਬਰ 2026 ਨੂੰ ਆਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਵੇਵ ਐਸਟੇਟ, ਸੈਕਟਰ-85/86 ਮੋਹਾਲੀ ਨੇੜੇ ਮੌਜੂਦ ਸੀ। ਇਸ ਦੌਰਾਨ ਏਐਸਆਈ ਕਮਲਪ੍ਰੀਤ ਸ਼ਰਮਾ ਨੂੰ ਸੂਚਨਾ ਮਿਲੀ ਕਿ ਹਰਦੀਪ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ ਪਿੰਡ ਚਨੌਲੀ, ਜ਼ਿਲ੍ਹਾ ਰੂਪਨਗਰ, ਕੋਲ ਨਾਜਾਇਜ਼ ਹਥਿਆਰ ਹੈ ਅਤੇ ਉਹ ਇਸ ਸਮੇਂ ਨਾਬੀ ਯੂਨੀਵਰਸਿਟੀ, ਸੈਕਟਰ-80 ਮੋਹਾਲੀ ਦੇ ਸਾਹਮਣੇ ਆਪਣੇ ਕਿਸੇ ਜਾਣਕਾਰ ਦੀ ਉਡੀਕ ਕਰ ਰਿਹਾ ਹੈ।

ਇਸ ਸੂਚਨਾ ਦੇ ਆਧਾਰ 'ਤੇ ਥਾਣਾ ਸੋਹਾਣਾ ਵਿਖੇ ਮੁਕੱਦਮਾ ਨੰਬਰ 372, ਮਿਤੀ 20-11-2026, ਧਾਰਾ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਹਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਨਾਜਾਇਜ਼ .32 ਬੋਰ ਦਾ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ।

ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ ਪਿੰਡ ਚਨੌਲੀ, ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ, ਉਮਰ ਕਰੀਬ 32 ਸਾਲ ਵਜੋਂ ਹੋਈ ਹੈ। ਉਹ ਦਸਵੀਂ ਪਾਸ ਅਤੇ ਸ਼ਾਦੀਸ਼ੁਦਾ ਹੈ। ਪੁਲਿਸ ਰਿਕਾਰਡ ਅਨੁਸਾਰ, ਉਸ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਪੁਲਿਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਸ ਪਾਸੋਂ ਬਰਾਮਦ ਹਥਿਆਰ ਦੇ ਸਰੋਤ ਅਤੇ ਇਸ ਨੂੰ ਖਰੀਦਣ ਦੇ ਮਕਸਦ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।