ਖਰੜ (ਐਸ.ਏ.ਐੱਸ. ਨਗਰ), 21 ਅਕਤੂਬਰ:- ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਇੱਕ ਵਿਅਕਤੀ ਨੂੰ ਨਾਜਾਇਜ਼ .32 ਬੋਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਸ਼ੀਨਾਥ ਕੁਮਾਰ (26), ਪੁੱਤਰ ਮਧੂ ਸੂਦਨ ਸਰਨ, ਵਾਸੀ ਪਿੰਡ ਦਰਿਆਪੁਰ, ਜ਼ਿਲ੍ਹਾ ਨਾਲੰਦਾ, ਬਿਹਾਰ, ਹਾਲ ਵਾਸੀ ਪਿੰਡ ਭੁੱਡ, ਜ਼ਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।
ਇਹ ਕਾਰਵਾਈ ਜ਼ਿਲ੍ਹਾ ਐਸ.ਏ.ਐੱਸ. ਨਗਰ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਵਰੁਣ ਸ਼ਰਮਾ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਪਤਾਨ ਪੁਲਿਸ (ਆਪਰੇਸ਼ਨ) ਸ੍ਰੀ ਆਕਾਸ਼ਦੀਪ ਔਲਖ ਪੀ.ਪੀ.ਐੱਸ., ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਸੌਰਵ ਜਿੰਦਲ ਪੀ.ਪੀ.ਐੱਸ. ਅਤੇ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਰਾਜਨ ਪਰਮਿੰਦਰ ਸਿੰਘ ਪੀ.ਪੀ.ਐੱਸ. ਦੀ ਨਿਗਰਾਨੀ ਹੇਠ ਕੀਤੀ ਗਈ। ਇਹ ਕਾਰਵਾਈ ਆਪਰੇਸ਼ਨ ਸੈੱਲ ਮੋਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਅਨੁਸਾਰ, 20 ਅਕਤੂਬਰ 2026 ਨੂੰ ਆਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਅਰਿਸਟਾ ਪੈਲੇਸ, 200 ਫੁੱਟਾ ਰੋਡ, ਸੰਨੀ ਇਨਕਲੇਵ, ਖਰੜ ਨੇੜੇ ਮੌਜੂਦ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਸ਼ਸ਼ੀਨਾਥ ਕੁਮਾਰ ਕੋਲ ਨਾਜਾਇਜ਼ ਹਥਿਆਰ ਹੈ ਅਤੇ ਉਹ ਗੋਪਾਲ ਸਵੀਟਸ, ਕੇ.ਐੱਫ.ਸੀ. ਕੱਟ, ਖਰੜ ਨੇੜੇ ਆਪਣੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਖਰੜ ਵਿੱਚ ਮੁਕੱਦਮਾ ਨੰਬਰ 482, ਮਿਤੀ 20 ਅਕਤੂਬਰ 2026, ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਦਰਜ ਕੀਤਾ ਗਿਆ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ .32 ਬੋਰ ਦਾ ਨਾਜਾਇਜ਼ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਪੁਲਿਸ ਦੀ ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਬੀ.ਐੱਸ.ਸੀ. ਸਾਇੰਸ ਦੀ ਪੜ੍ਹਾਈ ਕਰ ਚੁੱਕਾ ਹੈ ਅਤੇ ਅਣਵਿਆਹਿਆ ਹੈ। ਉਸ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਸ ਕੋਲੋਂ ਬਰਾਮਦ ਹਥਿਆਰ ਦੇ ਸਰੋਤ ਅਤੇ ਇਸ ਨੂੰ ਖਰੀਦਣ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
