ਬਲਾਚੌਰ, 12 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਕਾਠਗੜ੍ਹ ਕਸਬੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਨ੍ਹੀਂ ਦਿਨੀਂ ਲਗਾਤਾਰ ਮੋਬਾਈਲ ਖੋਹਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਹੈ। ਬੀਤੇ ਕੱਲ੍ਹ ਸ਼ਾਮ ਕਰੀਬ 6 ਵਜੇ ਇੱਕ ਵਿਅਕਤੀ ਸਾਈਕਲ ’ਤੇ ਪਲਾਸਟਿਕ ਦੇ ਡਰੰਮ ਅਤੇ ਕੈਨੀਆਂ ਵੇਚਣ ਲਈ ਕਾਠਗੜ੍ਹ ਅਤੇ ਨੇੜਲੇ ਪਿੰਡਾਂ ਵਿੱਚ ਫੇਰੀ ਲਾ ਰਿਹਾ ਸੀ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਇਸ ਦੌਰਾਨ ਕਾਰ ਸਵਾਰ ਕੁਝ ਵਿਅਕਤੀ ਡਰੰਮ ਖਰੀਦਣ ਦੇ ਬਹਾਨੇ ਉਸ ਕੋਲ ਰੁਕੇ, ਸੌਦਾ ਤੈਅ ਕੀਤਾ ਅਤੇ ਪੇਟੀਐਮ ਰਾਹੀਂ ਪੈਸੇ ਭੇਜਣ ਦਾ ਬਹਾਨਾ ਬਣਾ ਕੇ ਉਸ ਦਾ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ।
ਥਾਣਾ ਕਾਠਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਆਪਣਾ ਨਾਂ ਨਿਰਧਣ ਸੈਣੀ ਦੱਸਿਆ, ਜੋ ਪ੍ਰੇਮ ਨਗਰ ਕਲੋਨੀ, ਚੌਕੀ ਆਸਰੋਂ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਇਹ ਘਟਨਾ ਰਾਇਤ ਕਾਲਜ, ਰੈਲ ਮਾਜਰਾ ਨੇੜੇ ਵਾਪਰੀ। ਇੱਕ ਕਾਰ ਵਿੱਚ ਸਵਾਰ ਕੁਝ ਵਿਅਕਤੀ ਉਸ ਕੋਲ ਰੁਕੇ ਅਤੇ ਪਿੱਛੇ ਰੱਖੇ ਡਰੰਮ ਦਾ ਭਾਅ ਪੁੱਛਣ ਲੱਗੇ। ਇੱਕ ਡਰੰਮ ਦੀ ਕੀਮਤ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੇ ਨਕਦ ਪੈਸੇ ਨਾ ਹੋਣ ਦਾ ਬਹਾਨਾ ਬਣਾਇਆ ਅਤੇ ਪੇਟੀਐਮ ਰਾਹੀਂ ਭੁਗਤਾਨ ਕਰਨ ਲਈ ਉਸ ਦਾ ਨੰਬਰ ਮੰਗਿਆ। ਉਸ ਨੇ ਨਕਦ ਪੈਸੇ ਦੇਣ ਲਈ ਕਿਹਾ, ਪਰ ਉਹ ਨਾ ਮੰਨੇ ਅਤੇ ਮੋਬਾਈਲ ਫੋਨ ਮੰਗਣ ਲੱਗੇ। ਇਸ ਤੋਂ ਬਾਅਦ ਉਹ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਸ ਨੇ ਇਸ ਸਬੰਧੀ ਚੌਕੀ ਆਸਰੋਂ ਵਿਖੇ ਸੂਚਨਾ ਦਿੱਤੀ, ਜਿੱਥੋਂ ਉਸ ਨੂੰ ਥਾਣਾ ਕਾਠਗੜ੍ਹ ਭੇਜ ਦਿੱਤਾ ਗਿਆ।
ਇਸ ਸਬੰਧੀ ਥਾਣਾ ਮੁਖੀ ਕਮਲ ਤਨੇਜਾ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੋਬਾਈਲ ਖੋਹਣ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਸ਼ਾਮ ਵੇਲੇ ਮੁੱਖ ਸੜਕ ’ਤੇ ਵਾਪਰੀ ਇਸ ਘਟਨਾ ਨੇ ਪੁਲਿਸ ਗਸ਼ਤ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗਰੀਬ ਫੇਰੀ ਵਾਲਾ ਵੀ ਸੁਰੱਖਿਅਤ ਨਹੀਂ ਹੈ ਤਾਂ ਆਮ ਲੋਕ ਆਪਣੇ ਮੋਬਾਈਲ ਲੈ ਕੇ ਕਿਵੇਂ ਸੁਰੱਖਿਅਤ ਘੁੰਮ ਸਕਦੇ ਹਨ? ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਹੀ ਉਸ ਦੀ ਰੋਜ਼ੀ-ਰੋਟੀ ਦਾ ਅਹਿਮ ਸਾਧਨ ਸੀ, ਜਿਸ ਵਿੱਚ ਉਸ ਦੇ ਗਾਹਕਾਂ ਦੇ ਫੋਨ ਨੰਬਰ ਅਤੇ ਪੇਟੀਐਮ ਲੈਣ-ਦੇਣ ਦਾ ਸਾਰਾ ਹਿਸਾਬ ਮੌਜੂਦ ਸੀ।
