ਡੇਰਾਬੱਸੀ, 11 ਨਵੰਬਰ (ਸੰਜੀਵ ਸਿੰਘ ਸੈਣੀ):- ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਪਵਿੱਤਰ ਤਿਉਹਾਰ ਭਾਈ ਦੂਜ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਦੀ ਭੈਣ ਸ੍ਰੀਮਤੀ ਸਾਵਿਤਰੀ ਨੇ ਜ਼ੀਰਕਪੁਰ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਤਿਉਹਾਰ ਦੀਆਂ ਰਵਾਇਤੀ ਰਸਮਾਂ ਨਿਭਾਈਆਂ।

ਭੈਣ ਸਾਵਿਤਰੀ ਨੇ ਤਿਲਕ ਲਗਾਉਣ ਉਪਰੰਤ ਆਰਤੀ ਕੀਤੀ ਅਤੇ ਵਿਧਾਇਕ ਰੰਧਾਵਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਪਣੇ ਭਰਾ ਦੀ ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਵਿਧਾਇਕ ਰੰਧਾਵਾ ਨੇ ਵੀ ਆਪਣੀ ਭੈਣ ਨੂੰ ਹਮੇਸ਼ਾ ਖੁਸ਼ ਰਹਿਣ ਦਾ ਅਸ਼ੀਰਵਾਦ ਦਿੱਤਾ।

ਵਿਧਾਇਕ ਰੰਧਾਵਾ ਨੇ ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਸ਼ਹਿਰ ਅਤੇ ਹਲਕੇ ਦੇ ਵਸਨੀਕਾਂ ਨੂੰ ਭਾਈ ਦੂਜ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਭਾਈ ਦੂਜ ਦਾ ਤਿਉਹਾਰ ਭੈਣ-ਭਰਾ ਦੇ ਅਟੁੱਟ ਪਿਆਰ, ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਲਈ ਅਰਦਾਸ ਕਰਦੀਆਂ ਹਨ।