ਮਮਦੋਟ, 24 ਅਕਤੂਬਰ (ਗੁਰਮੇਜ ਸਿੰਘ):- ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਅੱਜ ਮਮਦੋਟ ਵਿੱਚ ਬਣੇ ਸੀਵਰੇਜ ਸਿਸਟਮ ਅਤੇ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ’ਤੇ 19.62 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਮਮਦੋਟ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਲਟਕਿਆ ਹੋਇਆ ਸੀ। ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਇਆ।
ਉਨ੍ਹਾਂ ਅੱਗੇ ਕਿਹਾ ਕਿ ਮਮਦੋਟ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 9.60 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਦੀ ਸਪਲਾਈ ਵਾਲੀ ਪਾਈਪਲਾਈਨ ਵਿਛਾਈ ਜਾਵੇਗੀ। ਇਸ ਦੇ ਨਾਲ ਹੀ ਕਸਬੇ ਨੂੰ ਇੱਕ ਲੱਖ ਗੈਲਨ ਸਮਰੱਥਾ ਵਾਲੀ ਨਵੀਂ ਪਾਣੀ ਦੀ ਟੈਂਕੀ ਵੀ ਦਿੱਤੀ ਜਾਵੇਗੀ। ਵਿਧਾਇਕ ਨੇ ਇਸੇ ਦਿਨ ਸਾਫ਼ ਪੀਣ ਵਾਲੇ ਪਾਣੀ ਦੇ ਇਸ ਪ੍ਰੋਜੈਕਟ ਦਾ ਕੰਮ ਵੀ ਸ਼ੁਰੂ ਕਰਵਾਇਆ।
ਇਸ ਮੌਕੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਹੋਰਨਾਂ ਤੋਂ ਇਲਾਵਾ ਮਮਦੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਸੁਰਿੰਦਰ ਕੁਮਾਰ ਸੋਨੂ ਸੇਠੀ, ਐਮਸੀ; ਜ਼ਿਲ੍ਹਾ ਪਰਿਸ਼ਦ ਮੈਂਬਰ ਮੇਜਰ ਸਿੰਘ ਬੁਰਜੀ; ਮਮਦੋਟ ਦੇ ਵਾਰਡ ਨੰਬਰ 5 ਤੋਂ ਸੰਦੀਪ ਕੁਮਾਰ ਸੋਨੀ; ਤਰਸੇਮ ਸਿੰਘ ਸੋਨੂ ਛੱਪੜ; ਰਹੀਮੇ ਕੇ ਦੇ ਡਾਕਟਰ ਦਲਜੀਤ ਸਿੰਘ ਜੋਸਨ; ਹਜ਼ਾਰਾਂ ਸਿੰਘ ਵਾਲਾ ਦੇ ਜਗੀਰ ਸਿੰਘ; ਦੋਨਾ ਰਹਿਮਤ ਵਾਲਾ ਦੇ ਸਰਪੰਚ ਮਿਹਰ ਸਿੰਘ; ਜੱਲੋ ਕੇ ਦੇ ਬਲਵੀਰ ਸਿੰਘ ਅਤੇ ਬਲਵਿੰਦਰ ਸਿੰਘ; ਮੁਰਕ ਵਾਲਾ ਦੇ ਸਰਪੰਚ ਅਜਮੇਰ ਸਿੰਘ; ਤਰਾਂ ਵਾਲਾ ਦੇ ਸਰਪੰਚ ਡਾਕਟਰ ਰਣਜੀਤ ਸਿੰਘ; ਲਖਮੀਰ ਕੇ ਹਿਠਾੜ ਦੇ ਸਰਪੰਚ ਸੁਖਦੇਵ ਸਿੰਘ; ਸੁਭਾਸ਼ ਬੱਤਾ; ਸੁਖਚੈਨ ਸਿੰਘ ਘੋਗਾ; ਐਮਸੀ ਗੁਰਪ੍ਰੀਤ ਸਿੰਘ; ਸੀਵਰੇਜ ਬੋਰਡ ਦੇ ਐਕਸੀਅਨ ਪ੍ਰਿਤਪਾਲ ਸਿੰਘ, ਐਸਡੀਓ ਗੁਲਸ਼ਨ ਕੁਮਾਰ ਅਤੇ ਜੇਈ ਵਿਕੇਸ਼ ਕੁਮਾਰ ਸਮੇਤ ਕਈ ਪੰਚ, ਸਰਪੰਚ ਅਤੇ ਆਗੂ ਹਾਜ਼ਰ ਸਨ।
