ਅੰਬਾਲਾ, 4 ਅਕਤੂਬਰ (ਆਰ. ਸਿੰਘ):- ਅੰਬਾਲਾ ਕੈਂਟ ਦੇ ਪੜਾਓ ਥਾਣੇ ਦੇ ਖੇਤਰ ਦੀ ਇੱਕ ਕਾਲੋਨੀ ਦੀ ਰਹਿਣ ਵਾਲੀ 17 ਸਾਲਾ ਲੜਕੀ ਨੇ ਸਿਵਲ ਹਸਪਤਾਲ ਵਿੱਚ ਇੱਕ ਮ੍ਰਿਤ ਬੱਚੇ ਨੂੰ ਜਨਮ ਦਿੱਤਾ ਹੈ। ਲੜਕੀ ਦੀ ਸਿਹਤ ਵਿਗੜਨ ’ਤੇ ਉਸ ਦੇ ਮਾਪੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ, ਜਿੱਥੇ ਜਣੇਪੇ ਦੌਰਾਨ ਮ੍ਰਿਤ ਬੱਚਾ ਪੈਦਾ ਹੋਇਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ 17 ਸਾਲ ਦੀ ਲੜਕੀ ਨੂੰ ਸ਼ੁੱਕਰਵਾਰ ਨੂੰ ਅਚਾਨਕ ਪੇਟ ਵਿੱਚ ਤੇਜ਼ ਦਰਦ ਹੋਇਆ। ਉਸ ਦੀ ਵਿਗੜਦੀ ਹਾਲਤ ਨੂੰ ਦੇਖ ਕੇ ਉਸ ਦੀ ਮਾਂ ਉਸ ਨੂੰ ਇਲਾਜ ਲਈ ਨੇੜਲੇ ਇੱਕ ਨਿੱਜੀ ਡਾਕਟਰ ਕੋਲ ਲੈ ਗਈ, ਪਰੰਤੂ ਕਲੀਨਿਕ ਬੰਦ ਹੋਣ ਕਰਕੇ ਮਾਂ ਬੱਚੀ ਨੂੰ ਘਰ ਵਾਪਸ ਲੈ ਆਈ। ਅੱਧੀ ਰਾਤ ਨੂੰ ਜਦੋਂ ਲੜਕੀ ਦੀ ਹਾਲਤ ਹੋਰ ਵਿਗੜ ਗਈ ਤਾਂ ਪਰਿਵਾਰ ਉਸ ਨੂੰ ਛਾਉਣੀ ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਜਣੇਪਾ ਕਰਵਾਇਆ ਗਿਆ। ਲੜਕੀ ਨੇ ਇੱਕ ਮ੍ਰਿਤ ਬੱਚੇ ਨੂੰ ਜਨਮ ਦਿੱਤਾ। ਨਾਬਾਲਗ ਦੇ ਗਰਭ ਅਵਸਥਾ ਵਿੱਚ ਹੋਣ ਅਤੇ ਮ੍ਰਿਤ ਬੱਚੇ ਦੇ ਜਨਮ ਬਾਰੇ ਪਤਾ ਲੱਗਣ ’ਤੇ ਹਸਪਤਾਲ ਪ੍ਰਸ਼ਾਸਨ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਪੜਾਓ ਦੀ ਇੱਕ ਟੀਮ ਹਸਪਤਾਲ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
