ਅੰਬਾਲਾ, 12 ਨਵੰਬਰ (ਆਰ. ਸਿੰਘ):- ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਹ ਸਾਰੇ ਵਿਭਾਗਾਂ ਨੂੰ ਜਨਤਕ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਹਿ ਰਹੇ ਹਨ ਅਤੇ ਜੇਕਰ ਕੋਈ ਦੇਰੀ ਕਰਦਾ ਹੈ ਤਾਂ ਉਹ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਹ ਅੱਜ ਅੰਬਾਲਾ ਛਾਉਣੀ ਦੇ ਪੀਡਬਲਯੂਡੀ ਰੈਸਟ ਹਾਊਸ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ।

ਵਿਜ ਨੇ ਅੰਬਾਲਾ ਛਾਉਣੀ ਤਹਿਸੀਲ ਦੇ ਇੱਕ ਵਸਨੀਕ ਵੱਲੋਂ ਦਿੱਤੀ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇੱਕ ਪਟਵਾਰੀ ਨੇ ਅੱਠ ਮਹੀਨਿਆਂ ਤੱਕ ਜਾਇਦਾਦ ਦੇ ਇੰਤਕਾਲ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਅਤੇ ਉਸ ਨੂੰ ਵਾਰ-ਵਾਰ ਖੱਜਲ-ਖੁਆਰ ਕਰਦਾ ਰਿਹਾ। ਉਨ੍ਹਾਂ ਅੰਬਾਲਾ ਛਾਉਣੀ ਦੀ ਐਸਡੀਐਮ ਨੂੰ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇੰਤਕਾਲ ਵਿੱਚ ਹੋਈ ਦੇਰੀ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਪਟਵਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਅੱਤਲ ਕੀਤਾ ਜਾਵੇ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਇੱਕ ਬਜ਼ੁਰਗ ਨਾਗਰਿਕ ਨੇ ਸ਼ਿਕਾਇਤ ਕੀਤੀ ਕਿ ਤਹਿਸੀਲ ਵਿੱਚ ਇੱਕ ਹੋਰ ਪਟਵਾਰੀ ਨੇ ਉਸ ਦੀ ਰਜਿਸਟਰੀ ਨਹੀਂ ਕੀਤੀ। ਊਰਜਾ ਮੰਤਰੀ ਨੇ ਇਸ ਸ਼ਿਕਾਇਤ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਕਾਰਵਾਈ ਦੇ ਨਿਰਦੇਸ਼ ਦਿੱਤੇ।

ਲਾਲਕੁੜਤੀ ਦੇ ਇੱਕ ਵਸਨੀਕ ਨੇ ਊਰਜਾ ਮੰਤਰੀ ਅਨਿਲ ਵਿਜ ਨੂੰ ਸ਼ਿਕਾਇਤ ਕੀਤੀ ਕਿ ਹਾਲ ਹੀ ਵਿੱਚ ਲਾਲਕੁੜਤੀ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਪਰ ਇਸ ਦੇ ਬਾਵਜੂਦ ਨਗਰ ਕੌਂਸਲ, ਫਾਇਰ ਬ੍ਰਿਗੇਡ ਜਾਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦੋਸ਼ ਲਾਇਆ ਕਿ ਲਾਲਕੁੜਤੀ ਵਿੱਚ ਕਈ ਹੋਟਲ ਬਿਨਾਂ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਦੇ ਬਣਾਏ ਗਏ ਹਨ, ਪਰ ਨਗਰ ਕੌਂਸਲ ਜਾਂ ਕਿਸੇ ਹੋਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਲਾਕੇ ਵਿੱਚ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਮੰਤਰੀ ਅਨਿਲ ਵਿਜ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਅਤੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਊਰਜਾ ਮੰਤਰੀ ਨੇ ਪੁਲਿਸ ਸੁਪਰਡੈਂਟ ਨੂੰ ਕਬੂਤਰਬਾਜ਼ੀ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਗ੍ਰਹਿ ਵਿਭਾਗ ਦਾ ਕਾਰਜਭਾਰ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਦੋ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਬਣਾਈਆਂ ਸਨ ਅਤੇ ਸੈਂਕੜੇ ਕਬੂਤਰਬਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਲੋਕ ਮੁੜ ਕਬੂਤਰਬਾਜ਼ੀ ਦਾ ਧੰਦਾ ਕਰਨ ਲੱਗ ਪਏ ਹਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜਨਤਕ ਸੁਣਵਾਈ ਦੌਰਾਨ ਇੱਕ ਔਰਤ ਨੇ ਊਰਜਾ ਮੰਤਰੀ ਅਨਿਲ ਵਿਜ ਨੂੰ ਸ਼ਿਕਾਇਤ ਕੀਤੀ ਕਿ ਨਗਰ ਕੌਂਸਲ ਨੇ ਪਿਛਲੇ 17 ਸਾਲਾਂ ਤੋਂ ਕੁਝ ਦੁਕਾਨਾਂ ਦਾ ਜਾਇਦਾਦ ਟੈਕਸ ਵਸੂਲ ਨਹੀਂ ਕੀਤਾ। ਉਸ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਔਰਤ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਅਨਿਲ ਵਿਜ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਅਤੇ ਹੈਰਾਨੀ ਪ੍ਰਗਟਾਈ ਕਿ 17 ਸਾਲਾਂ ਦਾ ਟੈਕਸ ਅਜੇ ਤੱਕ ਕਿਉਂ ਨਹੀਂ ਵਸੂਲਿਆ ਗਿਆ। ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇੱਕ ਹਫ਼ਤੇ ਦੇ ਅੰਦਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਸੇ ਤਰ੍ਹਾਂ ਗਰੀਨ ਪਾਰਕ ਇਲਾਕੇ ਦੀ ਇੱਕ ਵਸਨੀਕ ਔਰਤ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਘਰ ਨਾਲ ਲੱਗਦੇ ਖਾਲੀ ਪਲਾਟ ਵਿੱਚ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ। ਮੰਤਰੀ ਅਨਿਲ ਵਿਜ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਲਾਟ ਮਾਲਕ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਨੇ ਨਸੀਬ ਬਾਗ ਦੀ ਗਲੀ ਵਿੱਚ ਬਿਜਲੀ ਦਾ ਖੰਭਾ ਲਗਾਉਣ ਸਬੰਧੀ ਕਾਰਵਾਈ ਕਰਨ ਲਈ ਐਸਈ ਨੂੰ ਨਿਰਦੇਸ਼ ਦਿੱਤੇ। ਨਸੀਬ ਬਾਗ ਦੇ ਵਸਨੀਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਬਿਜਲੀ ਵਿਭਾਗ ਨੇ ਸੀਵਰੇਜ ਲਾਈਨ ਉੱਤੇ ਬਿਜਲੀ ਦੇ ਖੰਭੇ ਲਗਾ ਦਿੱਤੇ ਹਨ, ਜਿਸ ਨਾਲ ਗਲੀ ਦਾ ਚਾਰ ਫੁੱਟ ਹਿੱਸਾ ਬੰਦ ਹੋ ਗਿਆ ਹੈ। ਜਨਤਕ ਸੁਣਵਾਈ ਦੌਰਾਨ ਪੈਨਸ਼ਨ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਵੀ ਮੰਤਰੀ ਅਨਿਲ ਵਿਜ ਅੱਗੇ ਰੱਖੀਆਂ ਗਈਆਂ, ਜਿਨ੍ਹਾਂ ’ਤੇ ਉਨ੍ਹਾਂ ਨੇ ਵਿਭਾਗੀ ਕਰਮਚਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਜਨਤਕ ਸੁਣਵਾਈ ਦੌਰਾਨ ਊਰਜਾ ਮੰਤਰੀ ਨੂੰ ਉਕਲਾਨਾ ਦੇ ਇੱਕ ਵਸਨੀਕ ਨੇ ਆਪਣੀ ਜ਼ਮੀਨ ’ਤੇ ਟਰਾਂਸਫਾਰਮਰ ਨਾ ਲਗਾਏ ਜਾਣ ਦੀ ਸ਼ਿਕਾਇਤ ਦਿੱਤੀ। ਮਹੇਸ਼ ਨਗਰ ਇਲਾਕੇ ਦੇ ਵਸਨੀਕਾਂ ਨੇ ਗਲੀਆਂ ਵਿੱਚ ਬਿਜਲੀ ਦੀਆਂ ਤਾਰਾਂ ਬਦਲਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੀ ਸ਼ਿਕਾਇਤ ਕੀਤੀ। ਅੰਬਾਲਾ ਛਾਉਣੀ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਪੰਜੋਖਰਾ ਸਾਹਿਬ ਥਾਣੇ ਵਿੱਚ ਕੁਝ ਵਿਅਕਤੀਆਂ ਨੇ ਉਸ ਨੂੰ ਧਮਕੀਆਂ ਦਿੱਤੀਆਂ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਰੂਕਸ਼ੇਤਰ ਦੇ ਇੱਕ ਵਸਨੀਕ ਨੇ ਦੂਜੇ ਪਲਾਟਾਂ ਉੱਤੇ ਬਿਜਲੀ ਮੀਟਰਾਂ ਦੀ ਗੈਰ-ਕਾਨੂੰਨੀ ਸਥਾਪਨਾ ਦੀ ਸ਼ਿਕਾਇਤ ਕੀਤੀ। ਇਸ ਤੋਂ ਇਲਾਵਾ ਕੈਂਟ ਬੱਸ ਅੱਡੇ ਨੇੜੇ ਇੱਕ ਢਾਬਾ ਮਾਲਕ ਵੱਲੋਂ ਸਰਕਾਰੀ ਪਖਾਨੇ ’ਤੇ ਕਬਜ਼ਾ ਕਰਨ ਅਤੇ ਇੱਕ ਵਿਆਹੁਤਾ ਔਰਤ ਵੱਲੋਂ ਮਹੇਸ਼ ਨਗਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਦੇ ਮਾਮਲੇ ਵੀ ਸਾਹਮਣੇ ਆਏ।

ਮੰਤਰੀ ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਦੇਰੀ ਕਰੇਗਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।