ਅੰਬਾਲਾ, 11 ਨਵੰਬਰ (ਆਰ. ਸਿੰਘ):- ਭੋਪਾਲ ਵਿੱਚ ਕਰਵਾਈ ਗਈ ਸੀਬੀਐਸਈ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮਾਈਂਡ ਟ੍ਰੀ ਸਕੂਲ, ਅੰਬਾਲਾ ਸ਼ਹਿਰ ਦੀ ਵਿਦਿਆਰਥਣ ਪਵਨੀ ਨੂੰ ਕੈਬਨਿਟ ਮੰਤਰੀ ਅਨਿਲ ਵਿਜ ਨੇ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਮੰਤਰੀ ਵਿਜ ਨੇ ਕਿਹਾ ਕਿ ਪਵਨੀ ਨੇ ਕੌਮੀ ਪੱਧਰ ’ਤੇ ਤੀਜਾ ਸਥਾਨ ਹਾਸਲ ਕਰਕੇ ਸੂਬੇ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ।

ਸੀਬੀਐਸਈ ਕੌਮੀ ਤੈਰਾਕੀ ਚੈਂਪੀਅਨਸ਼ਿਪ 26 ਤੋਂ 29 ਅਕਤੂਬਰ ਤੱਕ ਭੋਪਾਲ ਵਿੱਚ ਕਰਵਾਈ ਗਈ ਸੀ। ਪਵਨੀ ਨੇ ਅੰਡਰ-11 ਲੜਕੀਆਂ ਦੇ 100 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਪਵਨੀ ਇਸ ਤੋਂ ਪਹਿਲਾਂ ਵੀ ਵੱਖ-ਵੱਖ ਤੈਰਾਕੀ ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੀ ਹੈ।

ਜ਼ਿਲ੍ਹਾ ਖੇਡ ਅਧਿਕਾਰੀ ਰਾਮ ਸਵਰੂਪ ਸ਼ਰਮਾ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਪਵਨੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਕੈਬਨਿਟ ਮੰਤਰੀ ਅਨਿਲ ਵਿਜ ਨੇ ਉਸ ਨੂੰ 11,000 ਰੁਪਏ ਦਾ ਨਕਦ ਇਨਾਮ ਭੇਟ ਕੀਤਾ ਹੈ। ਪਵਨੀ, ਉਸ ਦਾ ਪਰਿਵਾਰ, ਸਕੂਲ ਪ੍ਰਸ਼ਾਸਨ ਅਤੇ ਖੇਡ ਭਾਈਚਾਰਾ ਮੰਤਰੀ ਵੱਲੋਂ ਮਿਲੀ ਇਸ ਮਾਨਤਾ ਅਤੇ ਹੌਸਲਾ ਅਫ਼ਜ਼ਾਈ ਤੋਂ ਬਹੁਤ ਖੁਸ਼ ਹਨ।