ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਅਤੇ ਟਰੱਕਾਂ ਨੂੰ ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਦੀ ਆਗਿਆ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ। ਨਿਰਧਾਰਤ ਸਮੇਂ ਤੋਂ ਇਲਾਵਾ ਇਨ੍ਹਾਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਅਤੇ ਟਰੱਕਾਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ।

ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਅਤੇ ਟਰੱਕਾਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਸੜਕਾਂ ’ਤੇ ਅਜਿਹੇ ਵਾਹਨਾਂ ਦੀ ਆਵਾਜਾਈ ਨੂੰ ਨਿਰਧਾਰਤ ਸਮੇਂ ਅਨੁਸਾਰ ਚਲਾਉਣਾ ਜ਼ਰੂਰੀ ਹੋ ਗਿਆ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਪ ਪੁਲਿਸ ਕਪਤਾਨ, ਗੜ੍ਹਸ਼ੰਕਰ ਇਹ ਯਕੀਨੀ ਬਣਾਉਣਗੇ ਕਿ ਟ੍ਰੈਫਿਕ ਪੁਲਿਸ ਵੱਲੋਂ ਟਿੱਪਰਾਂ ਅਤੇ ਟਰੱਕਾਂ ਦੀ ਓਵਰਸਪੀਡ ਦੀ ਜਾਂਚ ਕੀਤੀ ਜਾਵੇ। ਰੀਜਨਲ ਟਰਾਂਸਪੋਰਟ ਅਥਾਰਟੀ, ਹੁਸ਼ਿਆਰਪੁਰ ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਓਵਰਲੋਡਿੰਗ ਅਤੇ ਹੋਰ ਨਿਯਮਾਂ ਦੀ ਉਲੰਘਣਾ ਸਬੰਧੀ ਚੈਕਿੰਗ ਕਰਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਏਗੀ। ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਹੁਸ਼ਿਆਰਪੁਰ ਅੰਤਰ-ਰਾਜੀ ਚੈਕ ਪੋਸਟਾਂ ’ਤੇ 24 ਘੰਟੇ ਨਿਗਰਾਨੀ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਚੈਕ ਪੋਸਟਾਂ ’ਤੇ ਭਾਰ ਤੋਲਣ ਵਾਲੇ ਕੰਡਿਆਂ ਦੀ ਵਰਤੋਂ ਕਰਕੇ ਓਵਰਲੋਡ ਟਿੱਪਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 20 ਜਨਵਰੀ, 2026 ਤੱਕ ਲਾਗੂ ਰਹਿਣਗੇ।