ਕੈਂਟ, ਵਾਸ਼ਿੰਗਟਨ, 15 ਸਤੰਬਰ 2026:- ਰੰਧਾਵਾ ਫਾਊਂਡੇਸ਼ਨ, ਕੈਂਟ ਵਾਸ਼ਿੰਗਟਨ ਵਿਖੇ ਸ਼ਨੀਵਾਰ, 12 ਸਤੰਬਰ ਨੂੰ ਪ੍ਰਸਿੱਧ ਸਾਹਿਤਕਾਰ ਕਰਨੈਲ ਸਿੰਘ ਕੈਲ ਦੇ ਪਲੇਠੇ ਕਹਾਣੀ-ਸੰਗ੍ਰਹਿ ‘ਸ਼ਗਨਾਂ ਦਾ ਕਾਰਡ’ ਦਾ ਲੋਕ-ਅਰਪਣ ਸਮਾਰੋਹ ਬੜੇ ਹੀ ਉਤਸ਼ਾਹ, ਗੰਭੀਰ ਸਾਹਿਤਕ ਵਿਚਾਰ-ਵਟਾਂਦਰੇ ਅਤੇ ਪਿਆਰ ਭਰੇ ਮਾਹੌਲ ਵਿੱਚ ਕਰਵਾਇਆ ਗਿਆ। ਸਾਹਿਤਕਾਰਾਂ, ਕਵੀਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਪੰਜਾਬੀ ਸਾਹਿਤ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਨੇ ਇਸ ਸਮਾਗਮ ਨੂੰ ਇੱਕ ਯਾਦਗਾਰੀ ਸਾਹਿਤਕ ਮਿਲਣੀ ਦਾ ਰੂਪ ਦੇ ਦਿੱਤਾ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੰਚ ਤੋਂ ਸਿਰਫ਼ ਕਿਤਾਬ ਦੀ ਰਿਲੀਜ਼ ਹੀ ਨਹੀਂ ਕੀਤੀ ਗਈ, ਸਗੋਂ ਕਰਨੈਲ ਸਿੰਘ ਕੈਲ ਦੀ ਕਹਾਣੀ-ਕਲਾ, ਸਮਾਜਕ ਚੇਤਨਾ, ਪਰਵਾਸੀ ਜੀਵਨ, ਮਨੁੱਖੀ ਰਿਸ਼ਤਿਆਂ, ਔਰਤ ਦੀ ਸਥਿਤੀ, ਦਾਜ, ਜਾਤ-ਪਾਤ, ਸਮਾਜਕ ਵਿਸੰਗਤੀਆਂ ਅਤੇ ਪੰਜਾਬ ਦੇ ਇਤਿਹਾਸਕ ਤੇ ਸਮਾਜਕ ਦੁੱਖਾਂ ਨਾਲ ਜੁੜੇ ਵੱਖ-ਵੱਖ ਪੱਖਾਂ ਉੱਤੇ ਵੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ‘ਸ਼ਗਨਾਂ ਦਾ ਕਾਰਡ’ ਦੀਆਂ ਕਹਾਣੀਆਂ ਸਿਰਫ਼ ਮਨੋਰੰਜਨ ਨਹੀਂ ਕਰਦੀਆਂ, ਸਗੋਂ ਪਾਠਕ ਨੂੰ ਆਪਣੇ ਸਮਾਜ, ਰਿਸ਼ਤਿਆਂ ਅਤੇ ਮਨੁੱਖੀ ਵਰਤਾਰੇ ਬਾਰੇ ਮੁੜ ਸੋਚਣ ਲਈ ਮਜਬੂਰ ਕਰਦੀਆਂ ਹਨ।
ਸਮਾਗਮ ਵਿੱਚ ਨਾਮਵਰ ਸ਼ਖ਼ਸੀਅਤ ਜਗਰੂਪ ਸਿੰਘ ਜਰਖੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਿੱਚ ਵਿਸ਼ੇਸ਼ ਵਾਧਾ ਕੀਤਾ। ਇਸ ਮੌਕੇ ਜਗਰੂਪ ਸਿੰਘ ਜਰਖੜ ਨੂੰ ਖੇਡ ਜਗਤ ਅਤੇ ਪੰਜਾਬੀ ਭਾਸ਼ਾ ਲਈ ਪਾਏ ਵਡਮੁੱਲੇ ਯੋਗਦਾਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਅਮਰਜੀਤ ਸਿੰਘ ਤਰਸਿੱਕਾ, ਹਰਦਿਆਲ ਸਿੰਘ ਚੀਮਾਂ, ਨੋਬਲਦੀਪ ਕੌਰ, ਬਲਬੀਰ ਸਿੰਘ ਲਹਿਰਾ, ਸੰਤੋਖ ਸਿੰਘ ਥਿੰਦ, ਮਨਜੀਤ ਕੌਰ ਗਿੱਲ, ਹਰਿੰਦਰਪਾਲ ਸਿੰਘ ਬੈਂਸ, ਅਵਤਾਰ ਸਿੰਘ ਆਦਮਪੁਰੀ, ਸ਼ਾਨ ਦਿਓਲ, ਮਲਕੀਤ ਸਿੰਘ ਗਿੱਲ, ਮਨਜੀਤ ਸਿੰਘ ਚਹਿਲ, ਸ਼ਿੰਗਾਰ ਸਿੰਘ ਸਿੱਧੂ, ਜਗਜੀਤ ਸਿੰਘ ਉੱਪਲ, ਰਣਜੀਤ ਮੱਲੀ, ਸ਼ਿੰਦਰਪਾਲ ਔਜਲਾ, ਬਲਦੇਵ ਸਿੰਘ ਛੀਨਾ, ਹਰਜਿੰਦਰ ਸਿੰਘ ਸੰਧਾਵਾਲੀਆ, ਭੁਪਿੰਦਰ ਸਿੰਘ ਢੱਡਾ, ਰਾਜਵੀਰ ਸਿੰਘ, ਰਾਮ ਸਿੰਘ ਧਾਲੀਵਾਲ, ਸਾਧੂ ਸਿੰਘ ਝੱਜ, ਡਾ. ਸੁਖਵੀਰ ਬੀਹਲਾ, ਹਰਪਾਲ ਸਿੱਧੂ, ਸਰਬਜੀਤ ਸਿੰਘ ਨੂਰ, ਡਾ. ਹਰਚੰਦ ਸਿੰਘ, ਨਵਲਪ੍ਰੀਤ ਰੰਗੀ, ਡਾ. ਕੰਵਲਜੀਤ ਸਿੰਘ ਹੁੰਦਲ, ਦਵਿੰਦਰ ਸਿੰਘ ਹੀਰਾ ਅਤੇ ਗੁਰਪ੍ਰੀਤ ਸਿੰਘ ਸੋਹਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਰਨੈਲ ਸਿੰਘ ਕੈਲ ਨੂੰ ਉਨ੍ਹਾਂ ਦੇ ਪਲੇਠੇ ਕਹਾਣੀ-ਸੰਗ੍ਰਹਿ ਲਈ ਵਧਾਈ ਦਿੱਤੀ ਅਤੇ ਪਾਠਕਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ “ਸ਼ਗਨਾਂ ਦਾ ਕਾਰਡ” ਇਕ ਬੇਹਤਰੀਨ ਕਿਤਾਬ ਹੈ ਅਤੇ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ।
ਸਮਾਗਮ ਦਾ ਇੱਕ ਹੋਰ ਵਿਸ਼ੇਸ਼ ਆਕਰਸ਼ਣ ਪਰਮਿੰਦਰ ਗਿੱਲ ਦੀ ਲੋਕ-ਰੰਗ ਨਾਲ ਭਰੀ ਪੇਸ਼ਕਾਰੀ ਰਹੀ। ਉਨ੍ਹਾਂ ਨੇ ਤੂੰਬੇ ਦੀ ਟੇਕ ਲੈ ਕੇ ਵਿਸਰਦੇ ਜਾ ਰਹੇ ਪੰਜਾਬੀ ਵਿਰਸੇ ਦੇ ਫੋਕ ਰੰਗਾਂ ਨੂੰ ਜੀਵੰਤ ਅੰਦਾਜ਼ ਵਿੱਚ ਪੇਸ਼ ਕੀਤਾ। ਉਨ੍ਹਾਂ ਦੀ ਇਸ ਪੇਸ਼ਕਾਰੀ ਨੇ ਸਰੋਤਿਆਂ ਨੂੰ ਪੰਜਾਬ ਦੇ ਪੁਰਾਣੇ ਦੌਰ, ਪਿੰਡਾਂ ਦੀ ਸਾਦਗੀ, ਲੋਕ-ਸੱਭਿਆਚਾਰ ਅਤੇ ਰਵਾਇਤੀ ਰੰਗਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪਰਮਿੰਦਰ ਗਿੱਲ ਆਪਣੀ ਆਵਾਜ਼, ਅੰਦਾਜ਼ ਅਤੇ ਲੋਕ-ਰੰਗੀ ਪੇਸ਼ਕਾਰੀ ਰਾਹੀਂ ਹਾਜ਼ਰੀਨ ਨੂੰ ਪੁਰਾਤਨ ਪੰਜਾਬ ਦੇ ਮਾਹੌਲ ਨਾਲ ਜੋੜਨ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਦੀ ਪੇਸ਼ਕਾਰੀ ਸਮਾਗਮ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ।
ਸਮਾਗਮ ਦੌਰਾਨ ਮਨਜੀਤ ਸਿੰਘ ਚਹਿਲ, Balloon Decor Northwest ਅਤੇ ਅਮਰੀਕ ਸਿੰਘ ਰੰਧਾਵਾ ਨੂੰ ਉਨ੍ਹਾਂ ਵਲੋਂ ਪੰਜਾਬੀ ਲਿਖ਼ਾਰੀ ਸਭਾ ਸਿਆਟਲ ਦੀਆਂ ਸੇਵਾਵਾਂ ਵਿਚ ਯੋਗਦਾਨ ਪਾਉਣ ਲਈ ਖਾਸ ਤੌਰ ’ਤੇ ਸਨਮਾਨ ਭੇਟ ਕੀਤਾ ਗਿਆ। ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਬੈਨਰ ਹੇਠ ਕਰਵਾਈ ਗਈ ਪੰਜਾਬੀ ਕਾਨਫਰੰਸ ਦੀ ਸਫਲਤਾ ਵਿੱਚ ਮਨਜੀਤ ਸਿੰਘ ਚਹਿਲ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਸੀ। ਉਨ੍ਹਾਂ ਦੀ ਇਸ ਸੇਵਾ ਅਤੇ ਸਹਿਯੋਗ ਨੂੰ ਮੱਦੇਨਜ਼ਰ ਰੱਖਦਿਆਂ ਸਮਾਗਮ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੂਰੇ ਸਮਾਗਮ ਦਾ ਮੰਚ ਸੰਚਾਲਨ ਗੁਰਪ੍ਰੀਤ ਸਿੰਘ ਸੋਹਲ ਨੇ ਬਹੁਤ ਹੀ ਸੁਚੱਜੇ, ਸੰਯਮਿਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
ਇਸ ਸਾਹਿਤਕ ਸਮਾਗਮ ਨੂੰ ਪਰਿਵਾਰਕ ਖੁਸ਼ੀ ਦੀ ਇੱਕ ਵਿਸ਼ੇਸ਼ ਛੋਹ ਵੀ ਮਿਲੀ। ਮਸ਼ਹੂਰ ਗਾਇਕ ਅਤੇ ਲੇਖਕ ਸਰਦਾਰ ਬਲਬੀਰ ਲਹਿਰਾ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਦਿਆਂ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਹਾਜ਼ਰੀਨ ਨੇ ਇਸ ਖੁਸ਼ੀ ਲਈ ਬਲਬੀਰ ਲਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਸਰੋਤਿਆਂ ਵਜੋਂ ਵੀ ਸਾਹਿਤ ਅਤੇ ਸਮਾਜ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਇਨ੍ਹਾਂ ਵਿੱਚ ਗੁਰਦੀਪ ਸਿੰਘ ਸਿੱਧੂ, ਜਸਬੀਰ ਸੰਧਾਵਾਲੀਆ, ਮੀਨਾ ਦੀਵਾਨ, ਬਲਜੀਤ ਸਿੰਘ ਬਰਾੜ, ਮੋਹਣ ਧਾਲੀਵਾਲ, ਜਸਪ੍ਰੀਤ ਕੌਰ, ਜਗਰੂਪ ਸਿੰਘ ਬਾਠ, ਅਜੀਤ ਕੌਰ, ਮਨੋਹਰ ਸਿੰਘ ਸੰਧੂ, ਤਰਸੇਮ ਸਿੰਘ, ਬਲਵਿੰਦਰ ਕੌਰ, ਮਲਕੀਤ ਕੌਰ, ਬਲਜੀਤ ਸਿੱਧੂ, ਪ੍ਰੀਤਮ ਬਰਾੜ, ਕੁਲਵੰਤ ਸ਼ਾਹ, ਜਸਵੀਰ ਸਹੋਤਾ, ਈਸ਼ਰ ਸਿੰਘ ਅਤੇ ਗੁਰਪ੍ਰੀਤ ਧੰਜੂ, ਗੁਰਸ਼ਾਨ ਸਿੰਘ ਰੰਧਾਵਾ, ਸ਼ਰਨ ਕੌਰ ਸੋ਼ਕਰ, ਸੁਰਿੰਦਰ ਕੌਰ ਬ੍ਰਹਮ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।
ਸਮਾਗਮ ਦੌਰਾਨ ਕਈ ਬੁਲਾਰਿਆਂ ਨੇ ਇਹ ਗੱਲ ਵਿਸ਼ੇਸ਼ ਤੌਰ ’ਤੇ ਉਭਾਰੀ ਕਿ ਕਰਨੈਲ ਸਿੰਘ ਕੈਲ ਨੇ ਆਪਣੇ ਪਹਿਲੇ ਹੀ ਕਹਾਣੀ-ਸੰਗ੍ਰਹਿ ਵਿੱਚ ਜੀਵਨ ਦੇ ਅਨੇਕਾਂ ਸੰਵੇਦਨਸ਼ੀਲ ਪੱਖਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਪੰਜਾਬ ਵੀ ਹੈ, ਪਰਵਾਸ ਵੀ; ਪਿਆਰ ਵੀ ਹੈ, ਪੀੜ ਵੀ; ਟੁੱਟਦੇ ਰਿਸ਼ਤੇ ਵੀ ਹਨ ਅਤੇ ਮੁੜ ਜੁੜਨ ਦੀ ਆਸ ਵੀ। ਇਹੀ ਵਿਸ਼ਾਲਤਾ ‘ਸ਼ਗਨਾਂ ਦਾ ਕਾਰਡ’ ਨੂੰ ਇੱਕ ਵਿਲੱਖਣ ਪਛਾਣ ਦਿੰਦੀ ਹੈ।
ਅੰਤ ਵਿੱਚ ਕਰਨੈਲ ਸਿੰਘ ਕੈਲ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਹਿਤਕਾਰਾਂ, ਬੁਲਾਰਿਆਂ, ਸਰੋਤਿਆਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ। ਹਾਜ਼ਰੀਨ ਵੱਲੋਂ ਉਨ੍ਹਾਂ ਨੂੰ ਕਿਤਾਬ ਦੇ ਪ੍ਰਕਾਸ਼ਨ ਲਈ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਦੀ ਸਾਹਿਤਕ ਯਾਤਰਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।
ਕੁੱਲ ਮਿਲਾ ਕੇ ‘ਸ਼ਗਨਾਂ ਦਾ ਕਾਰਡ’ ਦਾ ਲੋਕ-ਅਰਪਣ ਸਮਾਰੋਹ ਸਿਰਫ਼ ਇੱਕ ਪੁਸਤਕ ਰਿਲੀਜ਼ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਸਾਹਿਤ, ਲੋਕ-ਵਿਰਸੇ, ਵਿਚਾਰ, ਸਾਂਝ ਅਤੇ ਸਨਮਾਨ ਦਾ ਇੱਕ ਯਾਦਗਾਰੀ ਉਤਸਵ ਬਣ ਗਿਆ। ਕੈਂਟ ਦੀ ਧਰਤੀ ’ਤੇ ਹੋਇਆ ਇਹ ਸਮਾਗਮ ਲੰਮੇ ਸਮੇਂ ਤੱਕ ਪੰਜਾਬੀ ਸਾਹਿਤ-ਪ੍ਰੇਮੀਆਂ ਦੀਆਂ ਯਾਦਾਂ ਵਿੱਚ ਤਾਜ਼ਾ ਰਹੇਗਾ।
ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਸ ਕਰਨੈਲ ਸਿੰਘ ਕੈਲ ਦੇ ਪਲੇਠੇ ਕਹਾਣੀਸੰਗ੍ਰਹਿ ਸ਼ਗਨਾਂ ਦਾ ਕਾਰਡ ਦਾ ਯਾਦਗਾਰੀ ਲੋਕਅਰਪਣ ਸਮਾਰੋਹ
