ਨਵਾਂਸ਼ਹਿਰ, 23 ਜੂਨ:- ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ **ਸਪੈਸ਼ਲ ਇਨਟੈਂਸਿਵ ਰੀਵਿਜ਼ਨ-2026 (ਐਸ.ਆਈ.ਆਰ.)** ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸਪੈਸ਼ਲ ਇਨਟੈਂਸਿਵ ਰੀਵਿਜ਼ਨ-2026 ਦੇ ਸ਼ਡਿਊਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਬੀ.ਐਲ.ਓ. 25 ਜੂਨ 2026 ਤੋਂ ਸ਼ੁਰੂ ਹੋਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਹਰੇਕ ਵੋਟਰ ਦੇ ਘਰ ਜਾ ਕੇ **ਐਨੂਮਰੇਸ਼ਨ ਫਾਰਮ (ਈ.ਐਫ.)** ਦੀ ਇੱਕ ਕਾਪੀ ਮੁਹੱਈਆ ਕਰਵਾਉਣਗੇ ਅਤੇ ਉਸ ਨੂੰ ਭਰਵਾਉਣ ਉਪਰੰਤ ਵਾਪਸ ਪ੍ਰਾਪਤ ਕਰਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ 23 ਅਤੇ 24 ਜੂਨ 2026 ਨੂੰ ਸਾਰੇ ਬੀ.ਐਲ.ਓ. ਆਪਣੇ-ਆਪਣੇ ਪੋਲਿੰਗ ਖੇਤਰਾਂ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਨਾਲ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਮੈਪਡ ਅਤੇ ਅਨ-ਮੈਪਡ ਵੋਟਰਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਜਿਨ੍ਹਾਂ ਵੋਟਰਾਂ ਦੀ ਮੈਪਿੰਗ 2003 ਦੀ ਵੋਟਰ ਸੂਚੀ ਨਾਲ ਅਜੇ ਤੱਕ ਨਹੀਂ ਹੋਈ, ਉਨ੍ਹਾਂ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਸਪ੍ਰੀਤ ਸਿੰਘ ਰੂਬੀ ਕੰਗ ਅਤੇ ਸਤਨਾਮ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਰਨੈਲ ਸਿੰਘ ਖਾਲਸਾ, ਦਿਨੇਸ਼ ਕੁਮਾਰ ਅਤੇ ਹਰਪ੍ਰੀਤ ਸਿੰਘ ਖਾਲਸਾ, ਸੀ.ਪੀ.ਆਈ. (ਐਮ.) ਵੱਲੋਂ ਜਰਨੈਲ ਸਿੰਘ ਰਾਣੇਵਾਲ ਅਤੇ ਜਸਵਿੰਦਰ ਸਿੰਘ ਭੰਗਲ, ਬਹੁਜਨ ਸਮਾਜ ਪਾਰਟੀ ਵੱਲੋਂ ਸਰਬਜੀਤ ਜਾਫਰਪੁਰ ਅਤੇ ਹਰਵਿਲਾਸ ਬਸਰਾ, ਕਾਂਗਰਸ ਪਾਰਟੀ ਵੱਲੋਂ ਸੁਭਾਸ਼ ਚੰਦਰ ਅਤੇ ਬਲਜਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੁਨੀਸ਼ ਅਗਨੀਹੋਤਰੀ ਅਤੇ ਗੁਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ, ਤਹਿਸੀਲਦਾਰ ਚੋਣਾਂ ਅਮਨਦੀਪ ਸਿੰਘ ਅਤੇ ਜਸਵੀਰ ਸਿੰਘ ਪੀ.ਏ. ਟੂ ਡੀ.ਸੀ. ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਵੋਟਰ ਸੂਚੀ ਦੀ ਸਪੈਸ਼ਲ ਇਨਟੈਂਸਿਵ ਰੀਵਿਜ਼ਨ2026 ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
