ਨਵਾਂਸ਼ਹਿਰ, 19 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡਾਂ ਅਤੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ ਵਿੱਚ 24 ਘੰਟੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਨੇ ਐਲਾਨ ਕੀਤਾ ਹੈ ਕਿ ਜੇਕਰ 25 ਨਵੰਬਰ ਤੱਕ ਸ਼ਾਰਟ ਟਰਮ ਟ੍ਰੇਨਿੰਗ ਸ਼ੁਰੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੇ 26 ਨਵੰਬਰ 2024 ਨੂੰ ਹੋਈ ਪੈਨਲ ਮੀਟਿੰਗ ਅਤੇ ਫਿਰ 16 ਅਪ੍ਰੈਲ 2026 ਨੂੰ ਹੋਈ ਸਬ-ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਪ੍ਰੈਕਟੀਸ਼ਨਰਾਂ ਨੂੰ ਰੈਗੂਲਰ ਕਰਨ ਲਈ ਟ੍ਰੇਨਿੰਗ ਕਰਵਾਉਣ ਦਾ ਸਪੱਸ਼ਟ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ 21 ਜੁਲਾਈ 2026 ਨੂੰ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਪ੍ਰੈਕਟੀਸ਼ਨਰਾਂ ਦੀ ਵਿੱਦਿਅਕ ਯੋਗਤਾ ਅਤੇ ਤਜਰਬੇ ਸਬੰਧੀ ਸਵੈ-ਘੋਸ਼ਣਾ ਪੱਤਰ ਇਕੱਠੇ ਕੀਤੇ ਜਾਣ।
ਐਸੋਸੀਏਸ਼ਨ ਅਨੁਸਾਰ ਹਜ਼ਾਰਾਂ ਮੈਂਬਰਾਂ ਨੇ ਮਿੱਥੇ ਸਮੇਂ ਤੋਂ ਪਹਿਲਾਂ ਹੀ ਆਪਣੇ ਦਸਤਾਵੇਜ਼ ਸਿਵਲ ਸਰਜਨ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ, ਪਰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਟ੍ਰੇਨਿੰਗ ਸ਼ੁਰੂ ਹੋਈ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ। 7, 15 ਅਤੇ 22 ਸਤੰਬਰ ਨੂੰ ਉੱਚ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਸਿਰਫ਼ ਟਾਲ-ਮਟੋਲ ਹੀ ਕੀਤੀ ਗਈ।
ਪ੍ਰੈਕਟੀਸ਼ਨਰਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੇ ਬਹਾਨਿਆਂ ਕਾਰਨ ਸਰਕਾਰ ਦਾ ਵਾਅਦਾ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂਕਿ ਜ਼ਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਦੇ ਰਹੇ ਹਜ਼ਾਰਾਂ ਪਰਿਵਾਰਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਵਾਅਦਾ ਖ਼ਿਲਾਫ਼ੀ ਦਾ ਖ਼ਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।
ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਭੇਜੇ ਗਏ ਚੇਤਾਵਨੀ ਪੱਤਰ ਵਿੱਚ ਸੂਬਾ ਪ੍ਰਧਾਨ ਧਨਾ ਮਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ, ਕੈਸ਼ੀਅਰ ਰਾਕੇਸ਼ ਮਹਿਤਾ, ਚੇਅਰਮੈਨ ਐਚ.ਐਸ. ਰਾਣੂ ਅਤੇ ਪੈਟਰਨ ਸੁਰਜੀਤ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਜ਼ਿਲ੍ਹਾ ਕਮੇਟੀ ਡਾਕਟਰ ਕਸ਼ਮੀਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹਾਜ਼ਰ ਸੀ। ਇਸ ਮੌਕੇ ਡਾਕਟਰ ਧਰਮਜੀਤ, ਜਨਰਲ ਸਕੱਤਰ; ਦਿਲਦਾਰ ਸਿੰਘ ਚਾਹਲ, ਸੂਬਾ ਮੀਤ ਪ੍ਰਧਾਨ; ਡਾਕਟਰ ਧਰਮਪਾਲ; ਡਾਕਟਰ ਟੇਕ ਚੰਦ ਸੈਣੀ, ਜ਼ਿਲ੍ਹਾ ਚੇਅਰਮੈਨ; ਕਸ਼ਮੀਰ ਬੰਗਾ; ਡਾਕਟਰ ਕੁਲਵੀਰ ਸਿੰਘ; ਡਾਕਟਰ ਸੰਦੀਪ ਜੋਸ਼ੀ; ਡਾਕਟਰ ਬਲਵੀਰ ਮਾਹੀ; ਡਾਕਟਰ ਬਲਵੀਰ ਸਿੰਘ; ਡਾਕਟਰ ਰਾਮ ਜੀ ਦਾਸ; ਡਾਕਟਰ ਪਰਸ਼ੋਤਮ ਬੰਗਾ; ਡਾਕਟਰ ਪਰਸ਼ੋਤਮ ਸੜੋਆ; ਡਾਕਟਰ ਸਤਪਾਲ ਬਹਿਰਾਮ; ਡਾਕਟਰ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
