ਰਤੀਆ, 19 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਦਰ):- ਸ਼ਹੀਦ ਦੇਵਿੰਦਰ ਸਿੰਘ ਯਾਦਗਾਰੀ ਟਰੱਸਟ ਰਤੀਆ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮ.ਪੀ. ਸੋਤਰਾ ਵਿਖੇ ਸ਼ਹੀਦੀ ਚੇਤਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਕੀਤੀ।
ਇਸ ਮੌਕੇ ਟਰੱਸਟ ਮੈਂਬਰ ਬਲਜਿੰਦਰ ਸਿੰਘ ਖੋਖਰ ਨੇ ਹਾਜ਼ਰ ਲੋਕਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸ਼ਹੀਦ ਦੇਵਿੰਦਰ ਸਿੰਘ ਰਤੀਆ ਦੇ ਪਹਿਲੇ ਸ਼ਹੀਦ ਹਨ। ਉਨ੍ਹਾਂ ਨੇ ਇਸੇ ਸਕੂਲ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਸਮਾਗਮ ਦੌਰਾਨ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਮੁਖ ਸਿੰਘ ਨੇ ਸ਼ਹੀਦ ਦੇਵਿੰਦਰ ਸਿੰਘ ਦੇ ਜੀਵਨ, ਦੇਸ਼ ਭਗਤੀ ਅਤੇ ਸ਼ਹਾਦਤ ਨਾਲ ਸਬੰਧਤ ਪ੍ਰੇਰਨਾਦਾਇਕ ਪ੍ਰਸੰਗ ਸਾਂਝੇ ਕੀਤੇ। ਸਕੂਲ ਦੇ ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਭਾਵਪੂਰਵਕ ਸ਼ਰਧਾਂਜਲੀ ਦਿੱਤੀ।
ਸਮਾਗਮ ਦੌਰਾਨ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਦਾ ਸੰਕਲਪ ਲੈਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੀ ਸਹੁੰ ਚੁੱਕੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸ਼ਹੀਦ ਦੇਵਿੰਦਰ ਸਿੰਘ ਹਮੇਸ਼ਾ ਅਮਰ ਰਹਿਣਗੇ। ਉਨ੍ਹਾਂ ਦੀ ਦੇਸ਼ ਭਗਤੀ, ਤਿਆਗ ਅਤੇ ਕੁਰਬਾਨੀ ਦੀ ਭਾਵਨਾ ਨੌਜਵਾਨ ਪੀੜ੍ਹੀ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼, ਸਮਾਜ ਅਤੇ ਮਨੁੱਖਤਾ ਪ੍ਰਤੀ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ।
ਇਸ ਤੋਂ ਬਾਅਦ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਸ਼ਹੀਦੀ ਚੇਤਨਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਰੈਲੀ ਵਿੱਚ ਹਿੱਸਾ ਲੈਂਦਿਆਂ “ਜਦੋਂ ਤੱਕ ਸੂਰਜ ਚੰਦ ਰਹੇਗਾ, ਦੇਵਿੰਦਰ ਸਿੰਘ ਤੇਰਾ ਨਾਮ ਰਹੇਗਾ”, “ਵਾਤਾਵਰਣ ਬਚਾਓ, ਜ਼ਿੰਦਗੀ ਬਚਾਓ” ਅਤੇ “ਨਾ ਨਸ਼ਾ ਕਰਾਂਗੇ, ਨਾ ਹੀ ਕਰਨ ਦੇਵਾਂਗੇ” ਵਰਗੇ ਪ੍ਰਭਾਵਸ਼ਾਲੀ ਨਾਅਰੇ ਲਗਾਏ। ਰੈਲੀ ਰਾਹੀਂ ਸ਼ਹੀਦਾਂ ਦੇ ਸਨਮਾਨ, ਵਾਤਾਵਰਣ ਦੀ ਸੰਭਾਲ ਅਤੇ ਨਸ਼ਾ-ਮੁਕਤ ਸਮਾਜ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਪ੍ਰਦੀਪ ਕੁਮਾਰ, ਬਲਜਿੰਦਰ ਸਿੰਘ ਖੋਖਰ, ਬਜਰੰਗ ਗੋਦਾਰਾ, ਬਲਬੀਰ ਸਿੰਘ, ਸੁਰੇਸ਼ ਕੁਮਾਰ, ਸੁਰੇਸ਼ ਕੁਮਾਰ (ਟੀਜੀਟੀ), ਕ੍ਰਿਸ਼ਨ ਕੁਮਾਰ, ਮੀਨੂ ਰਾਣੀ, ਕਲਪਨਾ ਯਾਦਵ, ਪ੍ਰਗਟ ਸਿੰਘ, ਸੁਖਮੋਹਿੰਦਰ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
