ਲੁਧਿਆਣਾ, 22 ਅਕਤੂਬਰ, 2026:- ਮੈਨੀਟੋਬਾ (ਕੈਨੇਡਾ) ਸਰਕਾਰ ਦੇ ਤਿੰਨ ਮੈਂਬਰੀ ਵਫ਼ਦ ਨੇ ਅਧਿਆਪਨ ਅਤੇ ਖੋਜ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦਾ ਦੌਰਾ ਕੀਤਾ। ਇਸ ਵਫ਼ਦ ਦੀ ਅਗਵਾਈ ਮੈਨੀਟੋਬਾ ਦੇ ਜਨਤਕ ਸੇਵਾ ਪ੍ਰਦਾਨ ਕਰਨ ਵਾਲੇ ਵਿਭਾਗ ਦੇ ਮੰਤਰੀ ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੀਟੋਬਾ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਡਾਇਰੈਕਟਰ ਸ੍ਰੀ ਸੀਨ ਹੋਗਨ ਵੀ ਮੌਜੂਦ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਉੱਚ-ਪੱਧਰੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਖੋਜ ਨਿਰਦੇਸ਼ਕ ਡਾ. ਸਵਰਨ ਸਿੰਘ ਰੰਧਾਵਾ ਨੇ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ, ਜਿਵੇਂ ਕਿ ਯੂਨੀਵਰਸਿਟੀ ਆਫ਼ ਸਸਕੈਚਵਨ, ਕੈਲਗਰੀ, ਮੈਕਗਿਲ ਅਤੇ ਗਲੇਫ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ 2,000 ਤੋਂ ਵੱਧ ਸਾਬਕਾ ਵਿਦਿਆਰਥੀ ਉੱਤਰੀ ਅਮਰੀਕਾ ਵਿੱਚ ਵੈਟਨਰੀ ਡਾਕਟਰਾਂ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਮੈਨੀਟੋਬਾ ਸਰਕਾਰ ਪਸ਼ੂ ਸਿਹਤ ਅਤੇ ਭਲਾਈ, ਜਨਤਕ ਸਿਹਤ, ਖੇਤੀਬਾੜੀ ਉਤਪਾਦਕਤਾ ਅਤੇ ਆਰਥਿਕ ਵਿਕਾਸ ਵਿੱਚ ਵੈਟਨਰੀ ਡਾਕਟਰਾਂ ਵੱਲੋਂ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੈਨੀਟੋਬਾ ਦੇ ਪੇਂਡੂ, ਉੱਤਰੀ ਅਤੇ ਖੇਤੀਬਾੜੀ ਭਾਈਚਾਰਿਆਂ ਵਿੱਚ ਵੈਟਨਰੀ ਪੇਸ਼ੇਵਰਾਂ ਦੀ ਲਗਾਤਾਰ ਮੰਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੈਨੀਟੋਬਾ ਸਰਕਾਰ ਕਰਮਚਾਰੀਆਂ ਦੇ ਵਿਕਾਸ, ਸਿੱਖਿਆ, ਸਿਖਲਾਈ ਅਤੇ ਭਰਤੀ ਲਈ ਨਵੇਂ ਅਤੇ ਨਵੀਨਤਾਕਾਰੀ ਤਰੀਕੇ ਲੱਭਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਵੈਟਨਰੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਕਈ ਵਿਦਿਆਰਥੀ ਮੈਨੀਟੋਬਾ ਵਿੱਚ ਕੰਮ ਕਰ ਰਹੇ ਹਨ।
ਡਾ. ਗਿੱਲ ਨੇ ਕਿਹਾ ਕਿ ਮੈਨੀਟੋਬਾ ਅਤੇ ਯੂਨੀਵਰਸਿਟੀ ਵੈਟਨਰੀ ਸਿੱਖਿਆ, ਪੇਸ਼ੇਵਰ ਵਿਕਾਸ, ਖੋਜ ਸਹਿਯੋਗ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਅਤੇ ਵੈਟਨਰੀ ਵਿਗਿਆਨ ਵਿੱਚ ਅੰਤਰਰਾਸ਼ਟਰੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਸਾਂਝੀ ਦਿਲਚਸਪੀ ਰੱਖਦੇ ਹਨ।
ਦੌਰੇ ਦੌਰਾਨ ਵਫ਼ਦ ਨੇ ਮਲਟੀ-ਸਪੈਸ਼ਲਿਟੀ ਵੈਟਨਰੀ ਹਸਪਤਾਲ ਦਾ ਵੀ ਦੌਰਾ ਕੀਤਾ, ਜਿੱਥੇ ਮੈਂਬਰਾਂ ਨੇ ਅਧਿਆਪਕਾਂ ਅਤੇ ਉੱਤਰੀ ਅਮਰੀਕਾ ਦੇ ਐਨ.ਆਰ.ਆਈ. ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵਿੱਚ ਉਪਲਬਧ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
