ਖਰੜ, 23 ਨਵੰਬਰ:- ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਕਰਵਾਏ ਸਾਹਿਤਕ ਸਮਾਗਮ ਦੌਰਾਨ ਮਹਿੰਦਰ ਸਿੰਘ ਗੋਸਲਾਂ ਦੀ ਨਵੀਂ ਕਾਵਿ-ਪੁਸਤਕ “ਸੱਚ ਦਾ ਪੁਜਾਰੀ” ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਨਾਮਵਰ ਲੇਖਕ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਸਨ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਆਰ.ਡੀ. ਕੈਲੇ, ਬਾਬੂ ਰਾਮ ਦੀਵਾਨਾ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਵੱਲੋਂ ਗਾਏ ਧਾਰਮਿਕ ਗੀਤ ਨਾਲ ਹੋਈ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਆਰ.ਡੀ. ਕੈਲੇ ਨੇ ਪੁਸਤਕ ਬਾਰੇ ਵਿਸਥਾਰ ਭਰਪੂਰ ਪੇਪਰ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਜਿੱਥੇ ਲੇਖਕ ਦੇ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਸਮਾਜ ਨੂੰ ਵਧੀਆ ਚੇਤਨਾ ਵੀ ਪ੍ਰਦਾਨ ਕਰਦੀਆਂ ਹਨ। ਜਸਵਿੰਦਰ ਸਿੰਘ ਕਾਈਨੌਰ ਨੇ ਕਿਹਾ ਕਿ ਇਹ ਕਵਿਤਾਵਾਂ ਸਮਾਜ ਦੇ ਵੱਖ-ਵੱਖ ਪਹਿਲੂਆਂ, ਮਾਂ-ਬੋਲੀ ਅਤੇ ਮਨੁੱਖੀ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ। ਸਰਬਜੀਤ ਸਿੰਘ ਪੱਡਾ ਨੇ ਕਿਹਾ ਕਿ ਇਹ ਕਵਿਤਾਵਾਂ ਸਮਾਜ ਵਿੱਚ ਫੈਲੀਆਂ ਵੱਖ-ਵੱਖ ਬੁਰਾਈਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ।
ਮਹਿੰਦਰ ਸਿੰਘ ਗੋਸਲਾਂ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਪੁਸਤਕ ਵਿੱਚੋਂ ਕੁਝ ਰਚਨਾਵਾਂ ਵੀ ਪੜ੍ਹੀਆਂ। ਪਿਆਰਾ ਸਿੰਘ ਰਾਹੀ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਾਹਿਤਕ ਸੱਥ ਵੱਲੋਂ ਭੁਪਿੰਦਰ ਸਿੰਘ ਸੰਧੂ, ਆਰ.ਡੀ. ਕੈਲੇ ਅਤੇ ਮਹਿੰਦਰ ਸਿੰਘ ਗੋਸਲਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਅਮਰਜੀਤ ਕੌਰ ਮੋਰਿੰਡਾ, ਮਨਜੀਤਪਾਲ ਸਿੰਘ, ਗੁਰਵਿੰਦਰ ਗੁਰੀ, ਬਾਬੂ ਰਾਮ ਦੀਵਾਨਾ, ਰਾਜਵਿੰਦਰ ਸਿੰਘ ਗੱਡੂ, ਡਾ. ਰਵਿੰਦਰ ਸਿੰਘ ਲੁਬਾਣਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਜਿੰਦਰ ਸਿੰਘ ਗੋਪਾਲੋਂ, ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਰਤਨ ਬਾਬਕਵਾਲਾ, ਦਲਬੀਰ ਸਿੰਘ ਸਰੋਆ, ਜਸ਼ਨਦੀਪ ਸਿੱਧੂ, ਆਰ.ਡੀ. ਕੈਲੇ, ਪਿਆਰਾ ਸਿੰਘ ਰਾਹੀ, ਮੰਦਰ ਗਿੱਲ ਸਾਹਿਬਚੰਦੀਆ, ਹਰਜੀਤ ਸਿੰਘ, ਸੰਤੋਖ ਸਿੰਘ ਕੰਧੋਲਾ ਅਤੇ ਸਰਬਜੀਤ ਕੌਰ ਸਮੇਤ ਹੋਰ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ। ਕਈ ਸ਼ਾਇਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭੁਪਿੰਦਰ ਸਿੰਘ ਸੰਧੂ ਨੇ ਵੱਖ-ਵੱਖ ਸੰਸਥਾਵਾਂ ਨਾਲ ਵਿਚਰਦਿਆਂ ਦੇਸ਼-ਵਿਦੇਸ਼ ਦੀ ਯਾਤਰਾ ਦੌਰਾਨ ਸਾਹਿਤ ਬਾਰੇ ਪ੍ਰਾਪਤ ਕੀਤੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਪੁਸਤਕ ਦੇ ਲੇਖਕ ਨੂੰ ਵਧਾਈ ਦਿੱਤੀ ਅਤੇ ਸ਼ਾਇਰਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਹੋਰ ਵੀ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ। ਅਖੀਰ ਵਿੱਚ ਰਾਜਵਿੰਦਰ ਸਿੰਘ ਗੱਡੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
