ਚੰਡੀਗੜ੍ਹ, 26 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਸੰਸਾਰ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੀ ਰਚਨਾ ਕੇਵਲ ਇੱਕ ਮਹਾਕਾਵਿ ਨਹੀਂ, ਸਗੋਂ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਨੂੰ ਜੀਵਨ ਜਿਊਣ ਦਾ ਰਾਹ ਵਿਖਾਉਣ ਵਾਲੀ ਹੈ। ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਧੀਰਜ, ਮਿਹਨਤ, ਅਟੁੱਟ ਵਿਸ਼ਵਾਸ, ਕਰੁਣਾ, ਸਿੱਖਿਆ ਅਤੇ ਸਮਾਜਿਕ ਸਦਭਾਵਨਾ ਦੀ ਪ੍ਰੇਰਨਾ ਦਿੰਦੀਆਂ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਸੰਤ ਕਬੀਰ ਕੁਟੀਰ ਵਿਖੇ ਕਰਵਾਏ ਗਏ ਮਹਾਰਿਸ਼ੀ ਵਾਲਮੀਕਿ ਜੀ ਦੇ ਰਾਜ ਪੱਧਰੀ ਜਯੰਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕਿ ਜੀ ਦੇ ਬੁੱਤ 'ਤੇ ਫੁੱਲ ਅਰਪਿਤ ਕਰਕੇ ਨਮਨ ਕੀਤਾ ਅਤੇ ਸੂਬਾ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਹਿਸਾਰ ਵਿੱਚ ਨਿਰਮਾਣ ਅਧੀਨ ਵਾਲਮੀਕਿ ਹੋਸਟਲ ਲਈ 31 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਹੋਸਟਲ ਦੇ ਭੂਮੀ ਪੂਜਨ ਮੌਕੇ ਉਹ ਜਲਦੀ ਹੀ ਉੱਥੇ ਜਾਣਗੇ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਅਜਿਹੇ ਮਹਾਨ ਸੰਤ ਸਨ, ਜਿਨ੍ਹਾਂ ਨੇ ਹਨੇਰੇ ਵਿੱਚ ਗਿਆਨ ਦਾ ਦੀਵਾ ਬਾਲਿਆ। ਔਖੇ ਸਮੇਂ ਵਿੱਚ ਮਾਤਾ ਸੀਤਾ ਜੀ ਨੂੰ ਆਪਣੇ ਆਸ਼ਰਮ ਵਿੱਚ ਪਨਾਹ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਸੰਸਕਾਰ ਵੀ ਦਿੱਤੇ। ਸਿੱਖਿਆ ਅਤੇ ਸੰਸਕਾਰਾਂ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇੱਕ ਵੱਖਰੀ ਪਛਾਣ ਮਿਲੀ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਮਨੁੱਖ ਨੂੰ ਧੀਰਜ ਨਹੀਂ ਛੱਡਣਾ ਚਾਹੀਦਾ।
ਭਗਵਾਨ ਸ੍ਰੀ ਰਾਮ ਦੇ ਜੀਵਨ ਦੀ ਉਦਾਹਰਨ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਰਾਜਤਿਲਕ ਹੋਣਾ ਸੀ, ਉਸ ਸਮੇਂ ਉਨ੍ਹਾਂ ਨੂੰ ਵਣਵਾਸ ਜਾਣਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਧੀਰਜ ਬਣਾਈ ਰੱਖਿਆ, ਹਾਲਾਤਾਂ ਨੂੰ ਸਵੀਕਾਰ ਕੀਤਾ ਅਤੇ ਅੱਗੇ ਵਧਦੇ ਰਹੇ। ਰਾਮਾਇਣ ਸਾਨੂੰ ਸੰਦੇਸ਼ ਦਿੰਦੀ ਹੈ ਕਿ ਧੀਰਜ, ਮਿਹਨਤ ਅਤੇ ਅਟੁੱਟ ਵਿਸ਼ਵਾਸ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਹੀ ਸੱਚੀ ਸ਼ਰਧਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਕੇਵਲ ਪੂਜਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਸਾਡੇ ਵਿਹਾਰ ਵਿੱਚ ਵੀ ਦਿਖਾਈ ਦੇਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨਾਲ ਜਨਮ, ਜਾਤ, ਆਰਥਿਕ ਸਥਿਤੀ ਜਾਂ ਕੰਮ ਦੇ ਆਧਾਰ 'ਤੇ ਵਿਤਕਰਾ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਵੀ ਇਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਸਰਕਾਰ ਦਾ ਯਤਨ ਹੈ ਕਿ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ ਅਤੇ ਹਰ ਵਿਅਕਤੀ ਸਤਿਕਾਰ ਨਾਲ ਅੱਗੇ ਵਧੇ।
ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੇ ਸਤਿਕਾਰ ਦਾ ਜ਼ਿਕਰ
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਗਵਾਨ ਸ੍ਰੀ ਰਾਮ ਦੀ ਨਗਰੀ ਅਯੁੱਧਿਆ ਵਿੱਚ ਸ਼ਾਨਦਾਰ ਮੰਦਰ ਦੇ ਨਿਰਮਾਣ ਦੇ ਉਹ ਗਵਾਹ ਬਣੇ ਹਨ। ਮੰਦਰ ਕੰਪਲੈਕਸ ਵਿੱਚ ਮਹਾਰਿਸ਼ੀ ਵਾਲਮੀਕਿ ਜੀ, ਨਿਸ਼ਾਦਰਾਜ ਅਤੇ ਮਾਤਾ ਸ਼ਬਰੀ ਦੇ ਮੰਦਰ ਵੀ ਬਣਾਏ ਗਏ ਹਨ। ਅਯੁੱਧਿਆ ਧਾਮ ਵਿੱਚ ਹਵਾਈ ਅੱਡੇ ਦਾ ਨਾਂ ਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ।
ਮਹਾਪੁਰਖਾਂ ਦੇ ਸੰਦੇਸ਼ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਯਤਨ
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਮਹਾਪੁਰਖਾਂ ਦੀਆਂ ਜਯੰਤੀਆਂ ਮਨਾਉਣ ਦਾ ਉਦੇਸ਼ ਉਨ੍ਹਾਂ ਦੇ ਵਿਚਾਰਾਂ ਅਤੇ ਸੰਦੇਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ, ਤਾਂ ਜੋ ਨੌਜਵਾਨ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ। ਉਨ੍ਹਾਂ ਦੱਸਿਆ ਕਿ ਇਸ ਸਾਲ ਸੰਤ ਕਬੀਰ ਕੁਟੀਰ ਵਿਖੇ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਅਗਲੇ ਸਾਲ ਇਸ ਨੂੰ ਵੱਡੇ ਪੱਧਰ 'ਤੇ ਮਨਾਉਣ ਦਾ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਹਰ ਯੋਜਨਾ, ਹਰ ਨੀਤੀ ਅਤੇ ਹਰ ਫੈਸਲੇ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਵਿਖਾਏ ਰਾਹ ਦੀ ਭਾਵਨਾ ਸ਼ਾਮਲ ਹੈ। ਉਨ੍ਹਾਂ ਦੀ ਕਰੁਣਾ, ਸਵੈ-ਮਾਣ ਅਤੇ ਮਨੁੱਖਤਾ ਦਾ ਸੰਦੇਸ਼ ਸਰਕਾਰ ਦੇ ਕੰਮਾਂ ਦਾ ਆਧਾਰ ਹੈ।
ਸਿੱਖਿਆ ਅਤੇ ਨੌਜਵਾਨਾਂ ਲਈ ਸਰਕਾਰ ਦੀਆਂ ਯੋਜਨਾਵਾਂ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਜ਼ੀਫ਼ੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਅਤੇ ਹੋਸਟਲ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦਾ ਸੰਕਲਪ ਹੈ ਕਿ ਪੈਸੇ ਦੀ ਘਾਟ ਕਾਰਨ ਕਿਸੇ ਵੀ ਬੱਚੇ ਦੀ ਪ੍ਰਤਿਭਾ ਦੇ ਰਾਹ ਵਿੱਚ ਰੁਕਾਵਟ ਨਾ ਆਵੇ। ਉਨ੍ਹਾਂ ਦੱਸਿਆ ਕਿ ਵਜ਼ੀਫ਼ੇ ਦੀ ਰਕਮ ਸਿੱਧੀ ਲਾਭਪਾਤਰੀ ਬੱਚਿਆਂ ਦੇ ਖਾਤਿਆਂ ਵਿੱਚ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਵਿੱਚ ਹਾਲ ਹੀ ਵਿੱਚ ਹੋਈ ਪੁਲਿਸ ਭਰਤੀ ਦੌਰਾਨ ਸਮਾਜ ਦੇ 604 ਬੱਚਿਆਂ ਦੀ ਹਰਿਆਣਾ ਪੁਲਿਸ ਵਿੱਚ ਚੋਣ ਹੋਈ ਹੈ। ਸਮਾਜ ਦੇ ਬੱਚੇ ਅੱਗੇ ਵਧ ਰਹੇ ਹਨ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।
ਅਨੁਸੂਚਿਤ ਜਾਤੀਆਂ ਅਤੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਕਮਿਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਹਰਿਆਣਾ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਦੇ ਸਤਿਕਾਰ, ਸਵੈ-ਮਾਣ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾ ਰਹੀ ਹੈ।
ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪਰਿਵਾਰਾਂ ਕੋਲ ਮਕਾਨ ਬਣਾਉਣ ਲਈ ਜਗ੍ਹਾ ਨਹੀਂ ਹੈ, ਉਨ੍ਹਾਂ ਨੂੰ ਪਲਾਟ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਵੀ ਸਰਕਾਰ ਨੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਅਕਤੀ ਦਾ ਸਤਿਕਾਰ, ਸਵੈ-ਮਾਣ ਅਤੇ ਉਸ ਦੀ ਸਮਰੱਥਾ ਸਰਕਾਰ ਦੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਹੈ।
ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਮਿਟਾਉਣ ਦਾ ਲਓ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਸਾਰਿਆਂ ਨੂੰ ਜਾਤ-ਪਾਤ ਅਤੇ ਊਚ-ਨੀਚ ਦੇ ਹਰ ਵਿਤਕਰੇ ਨੂੰ ਮਿਟਾਉਣ ਅਤੇ ਸਮਾਜਿਕ ਸਦਭਾਵਨਾ ਦੇ ਧਾਗੇ ਵਿੱਚ ਬੱਝ ਕੇ ਹਰਿਆਣਾ ਨੂੰ ਵਿਕਸਿਤ ਭਾਰਤ ਦਾ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਹਰਿਆਣਾ ਦੇ ਤਿੰਨ ਕਰੋੜ ਲੋਕਾਂ ਨੇ ਮਿਲ ਕੇ ਸੂਬੇ ਦੇ ਵਿਕਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨਾ ਹੈ। ਇਹੀ ਮਹਾਰਿਸ਼ੀ ਵਾਲਮੀਕਿ ਜੀ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਸਦਭਾਵਨਾ ਅਤੇ ਨੇਕੀ ਦਾ ਰਾਹ ਵਿਖਾਉਂਦੀਆਂ ਹਨ: ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ
ਕਰਮਚਾਰੀਆਂ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਪੰਚਾਇਤ ਅਤੇ ਵਿਕਾਸ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਸਮਾਜ ਨੂੰ ਸਿੱਖਿਆ, ਸੱਚ, ਚੰਗੇ ਕਰਮਾਂ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਰੀਆਂ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਸੰਤ-ਮਹਾਪੁਰਖਾਂ ਦੀਆਂ ਜਯੰਤੀਆਂ ਰਾਜ ਪੱਧਰ 'ਤੇ ਮਨਾ ਕੇ ਉਨ੍ਹਾਂ ਨੂੰ ਮਾਣ-ਸਤਿਕਾਰ ਦੇ ਰਹੇ ਹਨ।
ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਡਾ. ਭੀਮਰਾਓ ਅੰਬੇਡਕਰ ਜੀ ਦਾ ਸੰਦੇਸ਼ ਸੀ ਕਿ ਪੜ੍ਹ-ਲਿਖ ਕੇ ਅੱਗੇ ਵਧਣਾ ਚਾਹੀਦਾ ਹੈ। ਧੀਆਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਧੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਧਾਇਕ ਕਪੂਰ ਸਿੰਘ ਵਾਲਮੀਕਿ, ਮੇਅਰ ਸ਼ਿਆਮ ਲਾਲ ਬਾਂਸਲ, ਸਾਬਕਾ ਮੰਤਰੀ ਵਿਸ਼ੰਭਰ ਵਾਲਮੀਕਿ, ਸਫ਼ਾਈ ਕਮਿਸ਼ਨ ਦੇ ਚੇਅਰਮੈਨ ਈਸ਼ਵਰ ਸਿੰਘ ਪਲਾਕਾ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਫ਼ਾਈ ਕਮਿਸ਼ਨ ਦੇ ਮੈਂਬਰ ਸੰਜੀਵ ਧਾਰੂ, ਚੰਦਰਪ੍ਰਕਾਸ਼ ਬੋਸਤੀ, ਕੌਂਸਲਰ ਮਨੀਸ਼ਾ ਜਾਂਗੜਾ, ਅਮਰਨਾਥ ਸੋਡਾ, ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
